APRIL 2025
TEAM DAIRY GUARDIAN
ਜਦੋਂ ਤੁਸੀਂ ਪਸ਼ੂਆਂ ਨੂੰ ਬਿਮਾਰੀ ਤੋਂ ਬਚਾ ਕੇ ਰੱਖਣ ਲਈ ਯੋਜਨਾ ਬਣਾਉਂਦੇ ਹੋ, ਤਾਂ ਬਿਮਾਰੀਆਂ ਦੇ ਮਾਮਲਿਆਂ ਨੂੰ ਘਟਾਉਣ, ਤੇਜ਼ ਪਛਾਣ ਕਰਨ, ਛੇਤੀ ਇਲਾਜ ਕਰਨ, ਅਤੇ ਵੱਛੀਆਂ ਦੇ ਮੌਤ ਦਰ ਨੂੰ ਘਟਾਉਣ ਲਈ ਨੀਤੀਆਂ ਬਣਾਉਣਾ ਜ਼ਰੂਰੀ ਹੁੰਦਾ ਹੈ। ਇਹ ਨੀਤੀਆਂ ਨੂੰ ਤਿਆਰ ਕਰਦੇ ਸਮੇਂ ਆਪਣੇ ਏਰੀਏ ਅਤੇ ਆਲੇ ਦੁਆਲੇ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਕੁਝ ਚੀਜ਼ਾਂ ਜੋ ਤੁਹਾਡੇ ਕੋਲ ਹਮੇਸ਼ਾਂ ਹੋਣੀਆਂ ਜ਼ਰੂਰੀ ਹਨ:
ਹਰ ਇੱਕ ਡੇਅਰੀ ਫਾਰਮਰ ਕੋਲ ਕੁਝ ਆਮ ਚੀਜ਼ਾਂ ਹਮੇਸ਼ਾ ਮੌਜੂਦ ਹੋਣੀਆਂ ਚਾਹੀਦੀਆਂ ਹਨ, ਜੋ ਕਿ ਵੱਛੀਆਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਇਹ ਆਸਾਨੀ ਨਾਲ ਕਿਸੇ ਵੀ ਸਥਾਨਕ ਵੈਟਨਰੀ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹਨ।
• ਸਟੈਥੋਸਕੋਪ – ਦਿਲ ਦੀ ਧੜਕਣ ਅਤੇ ਫੇਫੜਿਆਂ ਦੀਆਂ ਆਵਾਜ਼ਾਂ ਸੁਣਨ ਲਈ ਜ਼ਰੂਰੀ
• ਮੂੰਹ ਰਾਹੀਂ ਮਿਲਣ ਵਾਲੇ ਇਲੈਕਟ੍ਰੋਲਾਈਟਸ – ਇਹ ਵੱਛੀਆਂ ਵਿੱਚ ਪਾਣੀ ਦੀ ਕਮੀ ਦੂਰ ਕਰਨ ਵਿੱਚ ਮਦਦ ਕਰਦੇ ਹਨ
• ਪ੍ਰੋਬਾਇਓਟਿਕਸ – ਅੰਤੜੀਆਂ ਅਤੇ ਸਰੀਰ ਵਿੱਚ ਵਧੀਆ ਜੀਵਾਣੂ ਵਧਾਉਣ ਵਿੱਚ ਮਦਦ ਕਰਦੇ ਹਨ।
• ਪੋਸ਼ਣ ਭਰਪੂਰ ਦਵਾਈਆਂ – ਇਹ ਉਹ ਪੋਸ਼ਕ ਤੱਤ ਮੁਹੱਈਆ ਕਰਵਾਉਂਦੀਆਂ ਹਨ ਜੋ ਵੱਛੀਆਂ ਦੇ ਜਿਉਣ ਲਈ ਜ਼ਰੂਰੀ ਹੁੰਦੇ ਹਨ, ਖਾਸ ਕਰਕੇ ਜਦੋਂ ਵੱਛੀ ਚੰਗੀ ਤਰ੍ਹਾਂ ਖਾ ਨਾ ਰਹੀ ਹੋਵੇ ।
• ਵਿਟਾਮਿਨ B ਸਪਲੀਮੈਂਟ – ਭੁੱਖ, ਮੈਟਾਬੋਲਿਜ਼ਮ ਅਤੇ ਊਰਜਾ ਉਤਪਾਦਨ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ।
ਇਨ੍ਹਾਂ ਚੀਜ਼ਾਂ ਵਿੱਚੋਂ ਕਿਸੇ ਦੀ ਵੀ ਵਰਤੋਂ ਕਰਨ ਨਾਲ ਵੱਛੀਆਂ ਦੀ ਸਿਹਤ ਉੱਤੇ ਕੋਈ ਨੁਕਸਾਨੀ ਪ੍ਰਭਾਵ ਨਹੀਂ ਹੁੰਦਾ।
ਜਦੋਂ ਤੁਸੀਂ ਵੱਛੀਆਂ ਨੂੰ ਬਿਮਾਰੀ ਲਈ ਦੇਖਣਾ ਪਰਖਣਾ ਸ਼ੁਰੂ ਕਰਦੇ ਹੋ, ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੁਝ ਕਾਰਣਾਂ ਕਰਕੇ ਵੱਛੀਆਂ ਦੀ ਸਿਹਤ ਸੰਬੰਧੀ ਅਸਧਾਰਣ ਨਿਸ਼ਾਨੀਆਂ ਦਿਖ ਸਕਦੀਆਂ ਹਨ, ਪਰ ਉਹ ਅਸਲ ਵਿੱਚ ਉਨ੍ਹਾਂ ਦੀ ਸਿਹਤ ਨਾਲ ਸੰਬੰਧਤ ਨਹੀਂ ਹੁੰਦੀਆਂ। ਉਹ ਹਨ:
• ਪਿੰਜਰੇ ਜਾਂ ਗਰੁੱਪ ਵਿੱਚ ਫੇਰਬਦਲ
• ਅਧਿੱਕ ਭੀੜ-ਭਾੜ
• ਚਾਰੇ ਵਿੱਚ ਤਬਦੀਲੀ
• ਵਾਤਾਵਰਣ ਵਿੱਚ ਆਮ ਬਦਲਾਅ, ਜਿਵੇਂ ਕਿ:
- ਬਹੁਤ ਜ਼ਿਆਦਾ ਗਰਮੀ ਜਾਂ ਨਮੀ
- ਬੈਠਣ ਵਾਲੀ ਜਗਾ ਜ਼ਿਆਦਾ ਗਿੱਲੀ ਹੋਣਾ
- ਛਾਂ ਦੀ ਘਾਟ ਹੋਣਾ
• ਸਿੰਗ ਦਾਗਣਾ ਜਾਂ ਵੈਕਸੀਨ ਲਗਾਉਣਾ
ਉੱਪਰ ਦਿੱਤੇ ਕਾਰਨ ਜੇਕਰ ਕਿਸੇ ਪਸ਼ੂ ਉੱਤੇ ਲਾਗੂ ਹੁੰਦੇ ਹਨ ਤਾਂ ਓਸ ਦੀ ਪਰਖ ਓਸ ਦੇ ਠੀਕ ਹੋਣ ਤੋਂ ਬਾਅਦ ਹੀ ਕੀਤੀ ਜਾਵੇ।
ਅਕਸਰ ਇਹ ਗੱਲ ਨਜ਼ਰਅੰਦਾਜ਼ ਕੀਤੀ ਜਾਂਦੀ ਹੈ, ਪਰ ਸਿਰਫ਼ ਵੱਛੀਆਂ ਦੇ ਵਿਹਾਰ ਦੀ ਨਿਗਰਾਨੀ ਕਰਨਾ ਹੀ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਹ ਬਿਮਾਰੀ ਦੀ ਸ਼ੁਰੂਆਤੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ। ਵਿਹਾਰ ਵਿੱਚ ਤਬਦੀਲੀ ਅਕਸਰ ਸਭ ਤੋਂ ਪਹਿਲਾ ਸੰਕੇਤ ਹੁੰਦੀ ਹੈ, ਜੋ ਦੱਸਦੀ ਹੈ ਕਿ ਸ਼ਰੀਰਕ ਤਬਦੀਲੀਆਂ ਦੀ ਹੋਰ ਜਾਂਚ ਕਰਨ ਦੀ ਲੋੜ ਹੈ। ਇਹ ਨਿਰੀਖਣ (observation) ਤਦ ਹੀ ਸਭ ਤੋਂ ਵਧੀਆ ਹੁੰਦੇ ਹਨ, ਜਦੋਂ ਉਨ੍ਹਾਂ ਨੂੰ ਨਿਯਮਤ ਤੌਰ ’ਤੇ ਦੇਖਿਆ ਜਾਂਦਾ ਹੈ। ਬਹੁਤ ਸਾਰੇ ਆਮ, ਵਿਹਾਰਕ ਲੱਛਣ ਹਨ, ਜੋ ਇੱਕ ਸਿਹਤਮੰਦ ਵੱਛੀ ਵਿੱਚ ਮਿਲਦੇ ਹਨ ਜਿਵੇਂ ਕਿ ਨਾਰਮਲ, ਤੰਦਰੁਸਤ ਵੱਛੀਆਂ ਚੁਸਤ (bright) ਅਤੇ ਸਾਵਧਾਨ (alert) ਹੁੰਦੀਆਂ ਹਨ, ਅਤੇ ਉਹ ਆਚਾਨਕ ਹੋਣ ਵਾਲੀਆਂ ਤਬਦੀਲੀਆਂ ਜਾਂ ਹਲਚਲ ’ਤੇ ਤੁਰੰਤ ਪ੍ਰਤੀਕ੍ਰਿਆ (response) ਦਿੰਦੀਆਂ ਹਨ। ਵੱਛੀਆਂ ਦੀ ਸਰਗਰਮੀ (activity) ਉਨ੍ਹਾਂ ਦੀ ਰੁਟੀਨ (routine) ਦੇ ਅਨੁਸਾਰ ਵਧਦੀ ਜਾਂ ਘੱਟਦੀ ਰਹਿੰਦੀ ਹੈ। ਉਦਾਹਰਣ ਵਜੋਂ, ਜਦੋਂ ਉਹਨਾਂ ਨੂੰ ਖੁਰਾਕ ਪਾਉਣ ਦਾ ਸਮਾਂ ਹੁੰਦਾ ਹੈ ਤਾਂ ਉਹ ਵਧੇਰੇ ਚੁਸਤ ਹੁੰਦੀਆਂ ਹਨ, ਜਦਕਿ ਖਾਣ ਪੀਣ ਤੋਂ ਬਾਅਦ ਘੱਟ ਸਰਗਰਮ ਹੋ ਜਾਂਦੀਆਂ ਹਨ। ਵਿਹਾਰ ਵਿੱਚ ਕੁਝ ਅਸਧਾਰਣ ਵਿਸ਼ੇਸ਼ਤਾਵਾਂ ਜੋ ਬਿਮਾਰੀ ਦਾ ਸੰਕੇਤ ਹੋ ਸਕਦੀਆਂ ਹਨ:
• ਢਿੱਲਾ ਅਤੇ ਸੁਸਤ ਹੋਣਾ, ਹੌਲੀ ਜਾਂ ਅਸਧਾਰਨ ਪ੍ਰਤੀਕ੍ਰਿਆ
• ਭੁੱਖ ਦੀ ਘਾਟ
• ਜੇਕਰ ਬੋਤਲ-ਖੁਰਾਕ ਹੈ, ਤਾਂ ਉਹਨਾਂ ਦੀ ਪੀਣ ਦੀ ਗਤੀ ਹੌਲੀ ਹੋ ਸਕਦੀ ਹੈ।
• ਜੇਕਰ ਵੱਛੀ ਇਕੱਠੇ ਹਿੱਲਣ ਜੁੱਲਣ ’ਤੇ ਗਰੁੱਪ ਦੀਆਂ ਹੋਰ ਵੱਛੀਆਂ ਦੇ ਮਕਾਬਲੇ ਪਿੱਛੇ ਰਹਿ ਜਾਂਦੀ ਹੋਵੇ।
• ਦੰਦ ਪੀਸਣਾ
• ਫਿੱਕੀਆਂ, ਸੁੰਨ ਅੱਖਾਂ, ਢਿੱਲੇ ਕੰਨ, ਥੱਲੇ ਕੀਤਾ ਹੋਇਆ ਸਿਰ ਜਾਂ ਦਬੀ ਹੋਈ ਪੂਛ
ਕਿਉਂਕਿ ਵੱਛੀਆਂ ਅਕਸਰ ਸ਼ੁਰੂਆਤੀ ਰੋਗ ਲੱਛਣਾਂ ਨੂੰ ਲੁਕਾਉਣ ਵਿੱਚ ਮਾਹਿਰ ਹੁੰਦੀਆਂ ਹਨ, ਇਸ ਲਈ ਉਹਨਾਂ ਦੀ ਨਿਗਰਾਨੀ ਕਰਨ ਵਾਲੇ ਵਿਅਕਤੀ ਨੂੰ ਸਿਹਤਮੰਦ ਅਤੇ ਬਿਮਾਰ ਵੱਛੀਆਂ ਵਿੱਚ ਅੰਤਰ ਪਾਉਣ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਵੱਛੀਆਂ ਵੀ ਸਮਝ ਸਕਦੀਆਂ ਹਨ ਕਿ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹ ਆਪਣਾ ਵਿਹਾਰ ਬਦਲ ਸਕਦੀਆਂ ਹਨ।
ਵੱਛੀਆਂ ਦੇ ਸਰੀਰ ਦੇ ਕਈ ਸਥਾਨ ਹਨ, ਜਿਨ੍ਹਾਂ ਦੀ ਜਾਂਚ ਕਰਕੇ ਉਹਨਾਂ ਦੀ ਸਿਹਤ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਸਧਾਰਣ ਤੌਰ ’ਤੇ, ਵੱਛੀ ਦਾ ਸਰੀਰ ਗਰਮ ਹੋਣਾ ਚਾਹੀਦਾ ਹੈ। ਜੇਕਰ ਉਹ ਠੰਡਾ ਮਹਿਸੂਸ ਹੁੰਦਾ ਹੈ, ਤਾਂ ਇਹ ਖੂਨ ਦਰ (circulation) ਦੀ ਸਮੱਸਿਆ ਹੋ ਸਕਦੀ ਹੈ, ਜੋ ਅਸਧਾਰਨ ਗੱਲ ਮੰਨੀ ਜਾਂਦੀ ਹੈ।
ਜੋੜ, ਨਾਭੀ ਅਤੇ ਅੱਖਾਂ ਦੀ ਨਿਗਰਾਨੀ ਕਰਨੀ ਵੀ ਬਹੁਤ ਜ਼ਰੂਰੀ ਹੈ। ਨਵ ਜੰਮੀਆਂ ਵੱਛੀਆਂ ਵਿੱਚ, ਬਹੁਤ ਵਾਰ, ਜੋੜਾਂ ਅਤੇ ਨਾਭੀ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਜੋ ਅਕਸਰ ਪੈਦਾ ਹੋਣ ਦੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਖੂਨ ਵਿੱਚ ਬੈਕਟੀਰੀਆ ਦਾਖਲ ਹੋਣ ਦੇ ਕਾਰਨ ਹੁੰਦੀ ਹੈ। ਜੇਕਰ ਜੋੜ ਜਾਂ ਨਾਭੀ ਗਰਮ ਹੋਣ, ਉਨ੍ਹਾਂ ਵਿੱਚ ਸੋਜ ਹੋਵੇ, ਜਾਂ ਉਨ੍ਹਾਂ ਵਿੱਚ ਪੀਕ ਨਿਕਲਦੀ ਹੋਵੇ, ਤਾਂ ਇਹ ਇਨਫੈਕਸ਼ਨ ਹੋਣ ਦਾ ਸੰਕੇਤ ਹੋ ਸਕਦੇ ਹਨ। ਨਾਭੀ ਸੁੱਜੀ ਹੋਵੇ ਅਤੇ ਮੋਟੀ ਲੱਗੇ ਜਾਂ ਉਥੋਂ ਪੀਕ ਨਿਕਲ ਰਹੀ ਹੋਵੇ, ਤਾਂ ਇਹ ਗੰਭੀਰ ਬਿਮਾਰੀ ਹੋ ਸਕਦੀ ਹੈ।
ਅੱਖਾਂ ਦਾ ਡੇਲਾ ਚਿੱਟਾ ਹੋਣਾ ਚਾਹੀਦਾ ਹੈ, ਜਿਸ ਵਿੱਚ ਬਰੀਕ ਲਾਲ ਨਸਾਂ ਦਿੱਖਣੀਆਂ ਚਾਹੀਦੀਆਂ ਹਨ। ਬਿਮਾਰੀ ਦੀ ਹਾਲਤ ਵਿੱਚ ਡੇਲਾ ਲਾਲ ਹੋ ਸਕਦਾ ਹੈ, ਪੂਰੀ ਤਰ੍ਹਾਂ ਗੁਲਾਬੀ ਹੋ ਸਕਦਾ ਹੈ ਜਾਂ ਗੂੜ੍ਹਾ ਹੋ ਸਕਦਾ ਹੈ। ਨਵ ਜੰਮੀ ਵੱਛੀ ਦਾ ਜੇਕਰ ਜਨਮ ਮੁਸ਼ਕਲ ਰਿਹਾ ਹੋਵੇ, ਤਾਂ ਅੱਖਾਂ ਦੀਆਂ ਨਸਾਂ ਫੱਟਣ ਦੀ ਸੰਭਾਵਨਾ ਵੀ ਆਮ ਹੁੰਦੀ ਹੈ।
ਹਾਲਾਂਕਿ ਇਹ ਬਹੁਤ ਸੰਵੇਦਨਸ਼ੀਲ ਮਾਪ ਨਹੀਂ, ਪਰ ਵੱਛੀ ਦੇ ਸ਼ਰੀਰ ਦੀ ਹਾਲਤ ਉਸਦੀ ਪਿੱਸ਼ਲੀ ਪੋਸ਼ਣ ਅਵਸਥਾ ਬਾਰੇ ਜਾਣਕਾਰੀ ਦੇ ਸਕਦੀ ਹੈ। ਆਮ ਤੌਰ ’ਤੇ, ਨਵ ਜਨਮੀ ਵੱਛੀ ਫਾਰਮ ਉੱਤੇ ਸਭ ਤੋਂ ਪਤਲਾ ਪਸ਼ੂ ਹੁੰਦੀ ਹੈ, ਭਾਵੇਂ ਉਹ ਸਿਹਤਮੰਦ ਹੋਵੇ। ਇਸ ਕਾਰਨ, ਸ਼ਰੀਰਕ ਹਾਲਤ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੋ ਸਕਦਾ ਹੈ।
ਕਮਜ਼ੋਰ ਵੱਛੀ ਦੀ ਪਛਾਣ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ:
ਜੇਕਰ ਵੱਛੀ ਦੀ ਪਿੱਠ ਦੀ ਹੱਡੀ ਸਪਸ਼ਟ ਤੌਰ ’ਤੇ ਦਿਸਦੀ ਹੋਵੇ, ਛੋਟੀਆਂ ਪੱਸਲੀਆਂ ਚਮੜੀ ਹੇਠੋਂ ਵੱਖੋ-ਵੱਖ ਦਿਸਦੀਆਂ ਹੋਣ, ਕੂਹਣੀ ਅਤੇ ਪਿੱਠ ਦੀਆਂ ਹੱਡੀਆਂ ਵਿਚਕਾਰ ਵੱਡੀ ਖਾਲੀ ਥਾਂ ਹੋਵੇ, ਤਾਂ ਇਹ ਲਛਣ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ। ਇਹ ਨਿਸ਼ਾਨੀਆਂ ਇਹ ਦਰਸਾਉਂਦੀਆਂ ਹਨ ਕਿ ਵੱਛੀ ਤੋਂ ਆਪਣੀ ਊਰਜਾ ਸੰਭਾਲ ਨਹੀਂ ਹੋ ਰਹੀ, ਜਿਸ ਨਾਲ ਉਹ ਠੰਡ ਵਿੱਚ ਆਪਣੇ ਸ਼ਰੀਰ ਨੂੰ ਗਰਮ ਨਹੀਂ ਰੱਖ ਸਕੇਗੀ ਅਤੇ ਰੋਗਾਂ ਨਾਲ ਲੜ ਨਹੀਂ ਸਕੇਗੀ।
ਜੀਵਨ ਮਾਪਦੰਡ (Vital Sign)
ਟੇਬਲ 1 - ਵੱਛਿਆਂ ਲਈ ਆਮ ਜੀਵਨ ਮਾਪਦੰਡ
ਵੱਛੀਆਂ ਲਈ ਆਮ ਜੀਵਨ ਮਾਪਦੰਡ ਟੇਬਲ 1 ਵਿੱਚ ਦਿੱਤੇ ਗਏ ਹਨ। ਵੱਛੀਆਂ ਦਾ ਤਾਪਮਾਨ ਪਿਠ-ਰਾਹੀਂ ਲੈਣਾ ਚਾਹੀਦਾ ਹੈ, ਇਲੈਕਟ੍ਰਾਨਿਕ ਥਰਮਾਮੀਟਰ ਦੇ ਨਾਲ ਇਹ ਪ੍ਰਕਿਰਿਆ ਛੇਤੀ ਅਤੇ ਸੁਰੱਖਿਅਤ ਹੁੰਦੀ ਹੈ, ਪੁਰਾਣੇ ਪਾਰਾ ਥਰਮਾਮੀਟਰ ਦੇ ਮੁਕਾਬਲੇ। ਸਾਹ ਦਾ ਦਰ ਤਾਪਮਾਨ ਨਾਲ ਜੁੜਿਆ ਹੁੰਦਾ ਹੈ, ਕਿਉਂਕਿ ਸ਼ਰੀਰ ਆਪਣੇ ਆਪ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਸਾਹ ਦੇ ਦਰ ਨੂੰ ਮਾਪਣ ਲਈ ਸਧਾਰਨ ਤਰੀਕਾ ਹੈ ਪਸ਼ੂ ਨੂੰ ਦੇਖਣਾ। ਪਸ਼ੂ-ਪਾਲਕ ਨੂੰ ਵੱਛੀ ਦੇ ਕੁੱਖ ਦੀ ਉਠਣ-ਬੈਠਣ ਦੀ ਗਤੀ ਨੂੰ ਦੇਖਣਾ ਚਾਹੀਦਾ ਹੈ। ਵੱਛੀ ਦੇ ਨੱਕ ਜਾਂ ਮੂੰਹ ਅੱਗੇ ਹੱਥ ਰੱਖ ਕੇ ਸਾਹ ਨਹੀਂ ਮਾਪਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਕਿਸੇ ਵਾਸ਼ਨਾ ਜਾਂ ਛੇੜ-ਛਾੜ ਕਾਰਨ ਵੱਛੀ ਦੀ ਆਮ ਸਾਹ ਲੈਣ ਦੀ ਗਤੀ (Rhythm) ਬਦਲ ਸਕਦੀ ਹੈ। ਸਾਹ ਦੀ ਸਹੀ ਅਤੇ ਗਲਤ ਗਤੀਵਿਧੀ ਨੂੰ ਪਛਾਣਨ ਲਈ ਦੂਜੀਆਂ ਵੱਛੀਆਂ ਦੇ ਸਾਹ ਦੀ ਪ੍ਰੀਕਿਰਿਆ ਨਾਲ ਤੁਲਨਾ ਕਰਨੀ ਸਹੀ ਹੋਵੇਗੀ।
ਇੱਕ ਸਟੈਥੋਸਕੋਪ ਦੀ ਵਰਤੋਂ ਫੇਫੜਿਆਂ ਦੀਆਂ ਅੰਦਰਲੀਆਂ ਅਵਾਜ਼ਾਂ ਦੀ ਜਾਂਚ ਲਈ ਕੀਤੀ ਜਾ ਸਕਦੀ ਹੈ। ਵੱਛੀਆਂ ਦੇ ਦਿਲ ਦੀ ਧੜਕਣ ਵੱਡੀਆਂ ਗਾਵਾਂ ਨਾਲੋਂ ਲਗਭਗ ਦੁਗੁਣੀ ਹੁੰਦੀ ਹੈ। ਜੇਕਰ ਇਹ ਅਨਿਯਮਤ ਹੋਵੇ, ਤਾਂ ਇਹ ਬਿਮਾਰੀ ਦਾ ਸੰਕੇਤ ਦੇ ਸਕਦੀ ਹੈ। ਨਬਜ਼ ਦਾ ਦਰ ਪਤਾ ਕਰਨ ਲਈ, ਨਬਜ਼ ’ਤੇ ਦੋ ਉਂਗਲੀਆਂ ਰਖ ਕੇ ਮਹਿਸੂਸ ਕੀਤਾ ਜਾਂਦਾ ਹੈ। ਵੱਛੀਆਂ ਵਿੱਚ ਆਸਾਨੀ ਨਾਲ ਪਾਈਆਂ ਜਾਣ ਵਾਲੀਆਂ ਨਾੜੀਆਂ ਪੂਛ ਉੱਤੇ ਜਾਂ ਜਵਾੜੇ ਦੇ ਥੱਲੇ ਹੁੰਦੀਆਂ ਹਨ। ਭਾਰੀ ਰੋਗ ਵਾਲੀਆਂ ਵੱਛੀਆਂ ਵਿੱਚ, ਨਬਜ਼ ਦੀ ਗਿਣਤੀ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਕਰਕੇ, ਦਿਲ ਦੀ ਧੜਕਣ ਦੀ ਗਿਣਤੀ ਧਿਆਨ ਨਾਲ ਸੁਣ ਕੇ ਕਰਨੀ ਚਾਹੀਦੀ ਹੈ। ਇਸ ਲਈ ਸਟੈਥੋਸਕੋਪ ਦੀ ਵਰਤੋਂ ਵੱਛੀ ਦੀ ਖੱਬੀ ਕੋਹਣੀ ਦੇ ਪਿੱਛੇ ਅਤੇ ਛਾਤੀ ਦੇ ਉੱਤੇ ਰੱਖ ਕੇ ਕਰਨੀ ਚਾਹੀਦੀ ਹੈ। ਕਈ ਵਾਰ ਹਲਕਾ ਹਿਲਾਉਣ ਦੀ ਲੋੜ ਪੈ ਸਕਦੀ ਹੈ, ਤਾਂ ਜੋ ਧੜਕਣ ਦਾ ਆਸਾਨੀ ਨਾਲ ਅਨੁਮਾਨ ਲੱਗ ਸਕੇ।
ਮੌਸਮ ਜਾਂ ਸ਼ਰੀਰਕ ਗਤੀਵਿਧੀ ਵੀ ਇਹਨਾਂ ਮਾਪਦੰਡਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਮਾਪਦੰਡ ਲੈਣ ਸਮੇਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੱਛੀ ਨੂੰ ਜਲਦੀ-ਜਲਦੀ ਨਾ ਹਿਲਾਇਆ ਜਾਵੇ।
ਗਰਮੀ ਅਤੇ ਤਾਪਮਾਨ ਦਾ ਪ੍ਰਭਾਵ: ਜਿਆਦਾਤਰ ਵੱਛੀਆਂ ਤੰਦਰੁਸਤ ਰਹਿੰਦੀਆਂ ਹਨ ਅਤੇ ਉਹਨਾਂ ਦਾ ਵਿਕਾਸ ਚੰਗੀ ਤਰਾਂ ਹੁੰਦਾ ਹੈ ਜਦੋਂ ਵਾਤਾਵਰਣ ਦਾ ਤਾਪਮਾਨ 13-26°C ਹੰਦਾ ਹੈ। ਜੇਕਰ ਵਾਤਾਵਰਣ ਦਾ ਤਾਪਮਾਨ 26°C ਤੋਂ ਵੱਧ ਹੋ ਜਾਵੇ, ਤਾਂ ਇਸ ਨਾਲ ਵੱਛੀ ਦਾ ਤਾਪਮਾਨ 102-105°F ਤੱਕ ਵੱਧ ਸਕਦਾ ਹੈ, ਜਿਸ ਨਾਲ ਦਿਲ ਦੀ ਧੜਕਣ ਤੇ ਸਾਹ ਲੈਣ ਦੀ ਗਤੀ ਵੱਧ ਸਕਦੀ ਹੈ। 107°F ਤੋਂ ਵੱਧ ਹੋਣ ’ਤੇ ਮੌਤ ਦੀ ਸੰਭਾਵਨਾ ਵੀ ਬਣ ਸਕਦੀ ਹੈ।
“ਸਧਾਰਨ” ਗੋਹੇ ਦੀ ਸਥਿਰਤਾ ਅਤੇ ਰੰਗ ਪਸ਼ੂ ਦੀ ਖੁਰਾਕ ’ਤੇ ਨਿਰਭਰ ਕਰਦਾ ਹੈ। ਜੇਕਰ ਖੁਰਾਕ ’ਚ ਬਦਲਾਉ ਆਉਂਦੇ ਹਨ, ਤਾਂ ਗੋਹੇ ਦੀ ਸਥਿਰਤਾ ਜਾਂ ਰੰਗ ਬਦਲ ਸਕਦਾ ਹੈ। ਬਿਮਾਰੀ ਦਾ ਅਨੁਮਾਨ ਲਾਉਣ ਤੋਂ ਪਹਿਲਾਂ ਗੋਹੇ ਦੀਆਂ ਅਸਧਾਰਨ ਸਥਿਤੀਆਂ ਨੂੰ ਜਾਂਚਣਾ ਜ਼ਰੂਰੀ ਹੈ।
ਆਮ ਤੌਰ ’ਤੇ, ਸਧਾਰਨ ਗੋਹਾ ਭੂਰਾ ਜਾਂ ਗੂੜ੍ਹਾ ਭੂਰਾ ਹੁੰਦਾ ਹੈ ਅਤੇ ਅੱਧ-ਠੋਸ (semi-solid) ਹੁੰਦਾ ਹੈ। ਜਿਵੇਂ-ਜਿਵੇਂ ਵੱਛੀਆਂ ਦੀ ਖੁਰਾਕ ’ਚ ਠੋਸ ਭੋਜਨ ਵਧਦਾ ਹੈ, ਗੋਹਾ ਹੋਰ ਠੋਸ ਦਿਖਾਈ ਦਿੰਦਾ ਹੈ। ਵੱਖ-ਵੱਖ ਪਸ਼ੂ-ਖਾਦਾਂ ਅਤੇ ਪੌਸ਼ਟਿਕ ਤੱਤ ਗੋਹੇ ਦੀ ਸਥਿਰਤਾ ਤੇ ਰੰਗ ਉੱਤੇ ਅਸਰ ਪਾ ਸਕਦੇ ਹਨ। ਪਹਿਲੇ ਹਫ਼ਤੇ ਦੌਰਾਨ ਵੱਛੀ ਦੇ ਗੋਹੇ ਦੀ ਸਥਿਰਤਾ ਅਤੇ ਰੰਗ ਵਿੱਚ ਵੱਡਾ ਬਦਲਾਓ ਆਉਂਦਾ ਹੈ, ਕਿਉਂਕਿ ਉਸਦੀ ਅੰਤੜੀ ਪ੍ਰਣਾਲੀ ਨਵੇਂ ਬੈਕਟੀਰੀਆ ਨਾਲ ਅਨੁਕੂਲ ਹੋ ਰਹੀ ਹੁੰਦੀ ਹੈ। ਪਸ਼ੂ ਪਾਲਕ ਨੂੰ ਗੋਹੇ ਵਿੱਚ ਕੋਈ ਵੀ ਤਬਦੀਲੀ ਨੋਟ ਕਰਨੀ ਚਾਹੀਦੀ ਹੈ ਖਾਸ ਕਰਕੇ ਜੇਕਰ ਖੁਰਾਕ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ ਅਤੇ ਹੋਰ ਬਿਮਾਰੀ ਲਈ ਪੂਰੀ ਜਾਂਚ ਕਰਨੀ ਚਾਹੀਦੀ ਹੈ। ਪੇਟ ਦੇ ਕੀੜੇ ਜਾਂ ਹਾਜ਼ਮੇ ਵਿੱਚ ਵਿਗਾੜ ਕਾਰਨ ਗੋਹੇ ਦਾ ਰੰਗ ਬਦਲ ਸਕਦਾ ਹੈ।
ਕੁਝ ਆਮ ਅਸਧਾਰਨ ਰੰਗ ਹੇਠ ਲਿਖੇ ਹਨ:
• ਪੀਲਾ (yellow) - ਪਾਚਣ ਪ੍ਰਣਾਲੀ ਦੀ ਗੜਬੜ
• ਖੂਨੀ (bloody) - ਅੰਤੜੀ ਨੂੰ ਨੁਕਸਾਨ (ਤੁਰੰਤ ਇਲਾਜ ਕਰੋ)
• ਸਫੈਦ (white) - ਵਾਇਰਲ ਇਨਫੈਕਸ਼ਨ
• ਸਲੇਟੀ (gray) - ਜਿਗਰ ਦੀ ਸਮੱਸਿਆ
ਜੇਕਰ ਇਹ ਰੰਗ ਅਤੇ ਹੋਰ ਬਿਮਾਰੀ ਲੱਛਣ ਮਿਲਦੇ ਹਨ, ਤਾਂ ਤੁਰੰਤ ਇਲਾਜ ਕਰਨਾ ਚਾਹੀਦਾ ਹੈ। ਪਾਣੀ ਦੀ ਵਾਧੂ ਮਾਤਰਾ ਕਾਰਨ ਵੀ ਗੋਹਾ ਪਤਲਾ ਹੋ ਸਕਦਾ ਹੈ।
ਵੱਛੀਆਂ ਵਿੱਚ ਬਿਮਾਰੀ ਦੀ ਗੰਭੀਰਤਾ ਨਿਰਧਾਰਤ ਕਰਨ ਲਈ ਨਿਰੀਖਣ ਦੀ ਇੱਕ ਸਧਾਰਣ ਗਾਈਡ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀ ਗਈ ਸੀ। ਜੋ ਕੇ ਹੇਠਾਂ ਟੇਬਲ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ।
ਇਹ ਦੂਸਰੀ ਜਾਂਚ ਗਾਈਡ ਵਿੱਚ ਚਿੱਤਰ ਸ਼ਾਮਲ ਹਨ, ਜੋ ਯੋਗ ਸਕੋਰ ਨਿਰਧਾਰਤ ਕਰਨ ਵਿੱਚ ਮਦਦ ਕਰਦੇ ਹਨ, ਜਿਸ ਵਿੱਚ 0 ਦਾ ਅਰਥ ਸਧਾਰਣ (ਸਿਹਤਮੰਦ) ਵੱਛੀ ਹੈ ਅਤੇ 3 ਦਾ ਅਰਥ ਹੈ ਇੱਕ ਗੰਭੀਰ ਤੌਰ ਤੇ ਬਿਮਾਰ ਵੱਛੀ।
(ਚਿੱਤਰ: ਯੂਨੀਵਰਸਿਟੀ ਆਫ ਵਿਸਕਾਂਸਨ-ਮੇਡਿਸਨ ਵੈਟਰਨਰੀ ਮੈਡਿਸਨ ਸਕੂਲ ਦੁਆਰਾ ਬਣਾਈ ਗਈ ਅੰਕ ਪ੍ਰਣਾਲੀ)
ਸਿਹਤਮੰਦ ਪਸ਼ੂ ਚੰਗੀ ਤਰ੍ਹਾਂ ਹਾਈਡ੍ਰੇਟ ਹੁੰਦੇ ਹਨ। ਮੋਕ ਮਾਰਨ ਵਾਲੀ ਵੱਛੀ ਇੱਕ ਦਿਨ ਵਿੱਚ ਆਪਣੇ ਸ਼ਰੀਰੀ ਭਾਰ ਦਾ 10% ਤੱਕ ਗੁਆ ਸਕਦੀ ਹੈ। ਆਮ ਤੌਰ ‘ਤੇ, ਪੇਟ ਵਾਲੇ ਰੋਗ ਨਾਲ ਪੀੜਤ ਵੱਛੀ ਖੁਦ ਰੋਗ ਨਾਲ ਨਹੀਂ, ਸਗੋਂ ਪਾਣੀ ਦੀ ਘਾਟ ਕਾਰਨ ਮਰਦੀ ਹੈ।
ਪਸ਼ੂ ਦੀ ਹਾਈਡ੍ਰੇਸ਼ਨ ਦੀ ਸਥਿਤੀ ਨੂੰ ਚਮੜੀ ਤੇ ਚੂੰਡੀ ਵੱਡਣ ਰਾਹੀਂ ਜਾਂਚਿਆ ਜਾ ਸਕਦਾ ਹੈ। ਇਸ ਲਈ, ਵੱਛੀ ਦੀ ਗਰਦਨ ਉੱਤੇ ਢਿੱਲੀ ਚਮੜੀ ਨੂੰ ਆਪਣੀ ਉਂਗਲ ਅਤੇ ਅੰਗੂਠੇ ਵਿਚਕਾਰ ਲਵੋ, ਸ਼ਰੀਰ ਤੋਂ ਦੂਰ ਖਿੱਚੋ, ਅਤੇ ਫਿਰ ਛੱਡ ਦਿਉ।
• ਸਧਾਰਣ ਪ੍ਰਤੀਕਿਰਿਆ: ਚਮੜੀ ਤੁਰੰਤ (ਅੱਧੇ ਸਕਿੰਟ ਤੋਂ ਘੱਟ ਸਮੇਂ ਵਿੱਚ) ਪਿਛਲੇ ਆਕਾਰ ਵਿੱਚ ਆ ਜਾਂਦੀ ਹੈ।
• ਅਸਧਾਰਣ ਪ੍ਰਤੀਕਿਰਿਆ: ਚਮੜੀ ਖੜੀ ਰਹਿੰਦੀ ਹੈ ਅਤੇ ਇਸ ਨੂੰ ਆਮ ਹੋਣ ਵਿੱਚ ਸਮਾਂ ਲੱਗਦਾ ਹੈ ਤਾਂ ਇਸ ਤੋਂ ਵੱਛੀ ਦੀ ਹਾਈਡ੍ਰੇਸ਼ਨ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਆਮ ਹੋਣ ਵਿੱਚ 2-6 ਸਕਿੰਟ ਲੱਗਣ ਤਾਂ ਉਹ ਮਾਧਯਮ ਪੱਧਰੀ (8%) ਪਾਣੀ ਦੀ ਘਾਟ ਦਰਸਾਉਂਦੀ ਹੈ ਅਤੇ ਜੇਕਰ 6 ਸਕਿੰਟ ਤੋਂ ਵੱਧ ਲੱਗਣ ਤਾਂ ਤਕਰੀਬਨ 10% ਪਾਣੀ ਦੀ ਘਾਟ ਹੋ ਸਕਦੀ ਹੈ, ਜਿਸ ਨੂੰ ਗੰਭੀਰ ਡੀਹਾਈਡ੍ਰੇਸ਼ਨ ਵੱਜੋਂ ਜਾਣਿਆ ਜਾਂਦਾ ਹੈ।
ਵੱਛੀ ਦੀ ਅੱਖ ਦੀ ਸਾਕਟ ਵੀ ਹਾਈਡ੍ਰੇਸ਼ਨ ਦਾ ਇਕ ਹੋਰ ਮੁੱਖ ਇਸ਼ਾਰਾ ਹੋ ਸਕਦੀ ਹੈ। ਜੇਕਰ ਅੱਖ ਦੀ ਸਾਕਟ ਪੂਰੀ ਭਰੀ ਹੋਈ ਹੋਵੇ, ਤਾਂ ਵੱਛੀ ਨੋਰਮਲ ਹੈ। ਜੇਕਰ ਵੱਛੀ ਡੀਹਾਈਡ੍ਰੇਟ ਹੋਵੇ, ਤਾਂ ਅੱਖ ਦੀ ਸਾਕਟ ਵਿੱਚ ਅੱਖ ਧਸ ਜਾਂਦੀ ਹੈ। ਇਹ ਅੱਖ ਨੂੰ ਵੇਖਣ ਜਾਂ ਹੇਠਲੀ ਪਲਕ ਨੂੰ ਹੇਠਾਂ ਖਿੱਚਣ ਨਾਲ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ।
ਵੱਛੀਆਂ ਦੀ ਘਟਦੀ ਸਿਹਤ ਦੀ ਸ਼ੁਰੂਆਤੀ ਪਹਿਚਾਣ ਉਨ੍ਹਾਂ ਦੇ ਜਲਦੀ ਅਤੇ ਸਹੀ ਇਲਾਜ ਲਈ ਬਹੁਤ ਮਹੱਤਵਪੂਰਨ ਹੈ। ਇਸ ਲੇਖ ਵਿੱਚ ਦਿੱਤੇ ਮੁੱਢਲੇ ਮਾਪਦੰਡ ਸਾਰੇ ਚਿੰਨ੍ਹ ਨਹੀਂ, ਪਰ ਇਹ ਵੱਛੀਆਂ ਦੀ ਸਿਹਤ ਦੇ ਮੁੱਦਿਆਂ ਦੀ ਪਛਾਣ ਵਿੱਚ ਮਦਦਗਾਰ ਹੋ ਸਕਦੇ ਹਨ। ਸਭ ਤੋਂ ਪਹਿਲਾ ਕਦਮ ਨਿਯਮਤ ਨਿਰੀਖਣ ਕਰਨਾ ਅਤੇ ਆਮ ਹਾਲਤ ਦੀ ਪਛਾਣ ਕਰਨੀ ਹੈ। ਜੇਕਰ ਗੰਭੀਰ ਸਮੱਸਿਆ ਹੋਵੇ ਤਾਂ ਵੈਟਨਰੀ ਡਾਕਟਰ ਅਤੇ ਯੂਨੀਵਰਸਿਟੀ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਹੈ।