ਇਸ ਪੰਨੇ ‘ਤੇ ਤੁਸੀਂ ਡੇਅਰੀ ਨਾਲ ਜੁੜੇ ਆਮ ਅੰਗ੍ਰੇਜ਼ੀ ਸ਼ਬਦਾਂ ਦੇ ਸਧਾਰਨ ਪੰਜਾਬੀ ਅਰਥ ਜਾਣ ਸਕੋਗੇ।
ADF: ਐਸਿਡ ਡੀਟਰਜੈਂਟ ਫਾਈਬਰ
ਡੇਅਰੀ ਫਾਰਮਿੰਗ ਵਿੱਚ ADF ਚਾਰੇ ਅਤੇ ਫੀਡ ਵਿੱਚ ਮੌਜੂਦ ਅਪਚਣਯੋਗ ਫਾਈਬਰ ਦੀ ਮਾਪ ਹੈ। ਇਹ ਮੁੱਖ ਤੌਰ ਤੇ ਸੈਲੂਲੋਜ਼ ਅਤੇ ਲਿਗਨਿਨ ਤੋਂ ਬਣਿਆ ਹੁੰਦਾ ਹੈ, ਜੋ ਪਸ਼ੂਆਂ ਵੱਲੋਂ ਆਸਾਨੀ ਨਾਲ ਹਜ਼ਮ ਨਹੀਂ ਕੀਤਾ ਜਾ ਸਕਦਾ। ADF ਦੀ ਘੱਟ ਮਾਤਰਾ ਚਾਰੇ ਦੀ ਵਧੀਆ ਪਚਤਾ ਅਤੇ ਵੱਧ ਊਰਜਾ ਮੁੱਲ ਨੂੰ ਦਰਸਾਉਂਦੀ ਹੈ, ਜਦਕਿ ਵੱਧ ADF ਮਾਤਰਾ ਚਾਰੇ ਦੀ ਪਚਣਯੋਗਤਾ ਨੂੰ ਘਟਾ ਸਕਦੀ ਹੈ।
ADF-CP: ਐਸਿਡ ਡੀਟਰਜੈਂਟ ਫਾਈਬਰ-ਕ੍ਰੂਡ ਪ੍ਰੋਟੀਨ
ADF-CP ਚਾਰੇ ਵਿੱਚ ਉਹ ਪ੍ਰੋਟੀਨ ਮਾਤਰਾ ਹੈ ਜੋ ਐਸਿਡ ਡਿਟਰਜੈਂਟ ਫਾਈਬਰ ਨਾਲ ਜੁੜੀ ਹੁੰਦੀ ਹੈ। ਇਹ ਪ੍ਰੋਟੀਨ ਮੁੱਖ ਤੌਰ ਤੇ ਲਿਗਨਿਨ ਅਤੇ ਮਾਈਕਰੋਬੀਅਲ ਪ੍ਰੋਟੀਨ ਤੋਂ ਬਣੀ ਹੁੰਦੀ ਹੈ, ਜੋ ਪਸ਼ੂਆਂ ਵਾਸਤੇ ਘੱਟ ਪਚਣਯੋਗ ਹੁੰਦੀ ਹੈ। ADF-CP ਦੀ ਵੱਧ ਮਾਤਰਾ ਇਹ ਦਰਸਾਉਂਦੀ ਹੈ ਕਿ ਚਾਰੇ ਵਿੱਚ ਕੁਝ ਪ੍ਰੋਟੀਨ ਪਸ਼ੂ ਪੂਰੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ, ਜਿਸ ਕਾਰਨ ਪੋਸ਼ਣ ਦੀ ਕੁੱਲ ਉਪਲੱਭਤਾ ਘੱਟ ਸਕਦੀ ਹੈ।
Amino Acids: ਅਮੀਨੋ ਐਸਿਡ
ਅਮੀਨੋ ਐਸਿਡ ਪ੍ਰੋਟੀਨ ਦੇ ਮੁੱਢਲੇ ਤੱਤ ਹੁੰਦੇ ਹਨ। ਇਹ ਪਸ਼ੂ ਦੇ ਵਿਕਾਸ, ਦੁੱਧ ਉਤਪਾਦਨ ਅਤੇ ਆਮ ਸਿਹਤ ਲਈ ਜਰੂਰੀ ਹੁੰਦੇ ਹਨ। ਕੁਝ ਅਮੀਨੋ ਐਸਿਡ ਜਰੂਰੀ (Essential) ਹੁੰਦੇ ਹਨ ਜਿਨ੍ਹਾਂ ਨੂੰ ਪਸ਼ੂ ਆਪਣੇ ਸਰੀਰ ਵਿੱਚ ਨਹੀਂ ਬਣਾ ਸਕਦੇ ਅਤੇ ਉਹਨਾਂ ਨੂੰ ਚਾਰੇ ਜਾਂ ਖ਼ੁਰਾਕ ਰਾਹੀਂ ਲੈਣਾ ਪੈਂਦਾ ਹੈ, ਜਿਵੇਂ ਕਿ ਲਾਈਸਿਨ (Lysine) ਅਤੇ ਮੈਥਿਓਨਿਨ (Methionine)। ਠੀਕ ਮਾਤਰਾ ਵਿੱਚ ਅਮੀਨੋ ਐਸਿਡ ਪਸ਼ੂਆਂ ਦੀ ਪ੍ਰੋਟੀਨ ਦੀ ਪਚਣਯੋਗਤਾ, ਉਤਪਾਦਕਤਾ ਅਤੇ ਆਮ ਤੰਦਰੁਸਤੀ ਵਿੱਚ ਸੁਧਾਰ ਕਰਦੇ।
Antibiotics: ਐਂਟੀਬਾਇਓਟਿਕ
ਐਂਟੀਬਾਇਓਟਿਕ ਉਹ ਦਵਾਈ ਹੈ ਜੋ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕਰਨ ਅਤੇ ਪਸ਼ੂਆਂ ਦੀ ਸਿਹਤ ਬਣਾਏ ਰੱਖਣ ਲਈ ਵਰਤੀ ਜਾਂਦੀ ਹੈ। ਇਹ ਬੈਕਟੀਰੀਆ ਨੂੰ ਮਾਰਦੀ ਹੈ ਅਤੇ ਉਸ ਦੇ ਵਿਕਾਸ ਨੂੰ ਰੋਕਦੀ ਹੈ। ਗਾਵਾਂ ਅਤੇ ਮੱਝਾਂ ਵਿੱਚ ਹੋਣ ਵਾਲੀਆਂ ਆਮ ਬਿਮਾਰੀਆਂ ਜਿਵੇਂ ਕਿ ਮਸਟਾਈਟਿਸ (Mastitis), ਨਿਮੋਨੀਆ (Pneumonia) ਜਾਂ ਹੋਰ ਅੰਦਰੂਨੀ ਇਨਫੈਕਸ਼ਨਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।
Antioxidants: ਐਂਟੀਆਕਸੀਡੈਂਟ
ਐਂਟੀਆਕਸੀਡੈਂਟ ਉਹ ਤੱਤ ਹਨ, ਜੋ ਸਰੀਰ ਵਿੱਚ ਹਾਨੀਕਾਰਕ ਤੱਤਾਂ (Free Radicals) ਨੂੰ ਨਸ਼ਟ ਕਰਕੇ ਪਸ਼ੂਆਂ ਦੀ ਸਿਹਤ ਨੂੰ ਸੁਧਾਰਦੇ ਹਨ। ਇਹ ਪਸ਼ੂਆਂ ਦੀ ਰੋਗ-ਪ੍ਰਤੀਰੋਧਕ ਸ਼ਕਤੀ (Immunity) ਵਧਾਉਂਦੇ ਹਨ, ਉਹਨਾਂ ਨੂੰ ਤੰਦਰੁਸਤ ਰੱਖਦੇ ਹਨ ਅਤੇ ਉੱਚ ਦੁੱਧ ਉਤਪਾਦਨ ਵਿੱਚ ਮਦਦ ਕਰਦੇ ਹਨ। ਇਸ ਦੇ ਮੁੱਖ ਸਰੋਤ ਹਨ, ਵਿਟਾਮਿਨ E, ਵਿਟਾਮਿਨ C, ਸੈਲੇਨੀਅਮ (Selenium) ਆਦਿ ਹਨ।
As Fed: ਐਸ ਫੈੱਡ
“As Fed” ਚਾਰੇ ਦੀ ਉਹ ਮਾਤਰਾ ਹੁੰਦੀ ਹੈ, ਜਿਵੇਂ ਉਹ ਪਸ਼ੂਆਂ ਨੂੰ ਖਵਾਈ ਜਾਂਦੀ ਹੈ, ਜਿਸ ਵਿੱਚ ਪਾਣੀ (ਨਮੀ) ਅਤੇ ਸੁੱਕੇ ਪਦਾਰਥ (Dry Matter) ਦੋਨੋ ਸ਼ਾਮਲ ਹੁੰਦੇ ਹਨ। ਉਦਾਹਰਣ ਵਜੋਂ, ਹਰਾ ਚਾਰਾ (ਜਿਵੇਂ ਲੂਸਣ) ਵਿੱਚ 75-80% ਪਾਣੀ ਹੋ ਸਕਦਾ ਹੈ, ਇਸ ਲਈ “As Fed” ਵਿੱਚ ਨਮੀ ਜ਼ਿਆਦਾ ਹੋਵੇਗੀ, ਸੁਕਾ ਚਾਰਾ (ਜਿਵੇਂ ਤੂੜੀ ਜਾਂ ਦਾਣੇ) ਵਿੱਚ ਨਮੀ ਘੱਟ ਹੁੰਦੀ ਹੈ, ਇਸ ਲਈ “As Fed” ਅਤੇ “Dry Matter” ਵਿੱਚ ਵੱਡਾ ਅੰਤਰ ਨਹੀਂ ਹੁੰਦਾ।
Ash: ਐਸ਼
ਐਸ਼ ਕਿਸੇ ਵੀ ਚਾਰੇ ਜਾਂ ਪਸ਼ੂਆਂ ਦੀ ਖੁਰਾਕ ਵਿੱਚ ਸ਼ਾਮਲ ਕੁੱਲ ਖਣਿਜ (Minerals) ਦੀ ਮਾਤਰਾ ਨੂੰ ਦਰਸਾਉਂਦਾ ਹੈ। ਜਦੋਂ ਚਾਰੇ ਨੂੰ ਪੂਰੀ ਤਰ੍ਹਾਂ ਸਾੜਿਆ ਜਾਂਦਾ ਹੈ, ਤਾਂ ਜੋ ਜੈਵਿਕ (Organic) ਤੱਤ ਨਸ਼ਟ ਹੋ ਜਾਣ, ਤਦ ਬਚਣ ਵਾਲਾ ਪਦਾਰਥ “ਐਸ਼” ਹੁੰਦਾ ਹੈ। ਇਸ ਵਿੱਚ ਕੈਲਸ਼ੀਅਮ (Ca), ਫਾਸਫੋਰਸ (P), ਪੋਟਾਸ਼ੀਅਮ (K), ਸੋਡੀਅਮ (Na) ਮੈਗਨੀਸ਼ੀਅਮ (Mg), ਆਇਰਨ (Fe) ਆਦਿ ਖਣਿਜ ਸ਼ਾਮਲ ਹੁੰਦੇ ਹਨ ਜੋ ਪਸ਼ੂਆਂ ਦੀਆਂ ਹੱਡੀਆਂ, ਦੁੱਧ ਉਤਪਾਦਨ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਹੁੰਦੇ ਹਨ।
Available Protein: ਅਵੇਲੇਬਲ ਪ੍ਰੋਟੀਨ
ਉਪਲਬਦ ਪ੍ਰੋਟੀਨ ਦਾ ਅਰਥ ਹੈ ਪਸ਼ੂਆਂ ਵਲੋਂ ਆਸਾਨੀ ਨਾਲ ਹਾਜ਼ਮ ਕੀਤਾ ਜਾ ਸਕਣ ਵਾਲਾ ਅਤੇ ਸਰੀਰ ਵਿੱਚ ਵਰਤਿਆ ਜਾਣ ਵਾਲਾ ਪ੍ਰੋਟੀਨ। ਇਹ ਚਾਰੇ ਜਾਂ ਫੀਡ ਵਿੱਚ ਮੌਜੂਦ ਕੁੱਲ ਕ੍ਰੂਡ ਪ੍ਰੋਟੀਨ (Crude Protein) ਦਾ ਉਹ ਹਿੱਸਾ ਹੁੰਦਾ ਹੈ ਜੋ ਪਸ਼ੂ ਦੇ ਵਿਕਾਸ, ਦੁੱਧ ਉਤਪਾਦਨ ਅਤੇ ਆਮ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੁੰਦਾ ਹੈ ।
Average Daily Gain: ਐਵਰੇਜ ਡੇਲੀ ਗੇਨ
ਐਵਰੇਜ ਡੇਲੀ ਗੇਨ ਪਸ਼ੂ ਦੇ ਹਰ ਰੋਜ਼ ਵਧਣ ਵਾਲੇ ਔਸਤ ਭਾਰ ਨੂੰ ਦਰਸਾਉਂਦਾ ਹੈ। ਇਹ ਮਾਪ ਦੱਸਦਾ ਹੈ ਕਿ ਕਿਸੇ ਨਿਸ਼ਚਿਤ ਸਮੇਂ ਵਿੱਚ ਪਸ਼ੂ ਹਰ ਰੋਜ਼ ਕਿੰਨਾ ਵੱਧ ਰਿਹਾ ਹੈ। ADG ਪਸ਼ੂ ਦੇ ਵਿਕਾਸ ਦਰ, ਖ਼ੁਰਾਕ ਦੀ ਪ੍ਰਭਾਵਸ਼ੀਲਤਾ ਅਤੇ ਸਿਹਤ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ।
ਉਦਾਹਰਣ ਵਜੋਂ: ਜੇਕਰ ਇੱਕ ਵੱਛੀ ਦਾ ਭਾਰ 60 ਦਿਨਾਂ ਵਿੱਚ 30 ਕਿੱਲੋ ਵਧਦਾ ਹੈ ਤਾਂ ADG= 30 ਕਿੱਲੋ ÷60 ਦਿਨ = 0.5 ਕਿੱਲੋ/ਦਿਨ।
ਵਧੀਆ ADG ਦੱਸਦਾ ਹੈ ਕਿ ਪਸ਼ੂ ਨੂੰ ਚੰਗੀ ਖ਼ੁਰਾਕ ਮਿਲ ਰਹੀ ਹੈ ਅਤੇ ਉਹ ਸਿਹਤਮੰਦ ਢੰਗ ਨਾਲ ਵੱਧ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵਧੀਆ ਦੁੱਧ ਉਤਪਾਦਨ ਲਈ ਲਾਭਕਾਰੀ ਹੁੰਦਾ ਹੈ।
Balanced Ration: ਬੈਲੇਂਸਡ ਰਾਸ਼ਨ
ਬੈਲੇਂਸਡ ਰਾਸ਼ਨ ਦਾ ਮਤਲਬ ਹੈ ਅਜਿਹੀ ਖ਼ੁਰਾਕ ਜਿਸ ਵਿੱਚ ਪਸ਼ੂ ਦੀ ਉਮਰ, ਭਾਰ, ਦੁੱਧ ਉਤਪਾਦਨ ਅਤੇ ਸਿਹਤ ਦੀ ਲੋੜ ਮੁਤਾਬਕ ਸਾਰੇ ਜ਼ਰੂਰੀ ਪੋਸ਼ਕ ਤੱਤ (ਜਿਵੇਂ ਕਿ ਊਰਜਾ, ਪ੍ਰੋਟੀਨ, ਵਿਟਾਮਿਨ, ਖ਼ਣਿਜ) ਸਹੀ ਮਾਤਰਾ ਵਿੱਚ ਪੂਰੇ ਹੁੰਦੇ ਹਨ। ਇਹ ਖ਼ੁਰਾਕ ਪਸ਼ੂ ਦੀ ਸਿਹਤ ਨੂੰ ਬਣਾਏ ਰੱਖਦੀ ਹੈ, ਦੁੱਧ ਦੀ ਪੈਦਾਵਾਰ ਵਧਾਉਂਦੀ ਹੈ ਅਤੇ ਗੱਭਣ ਹੋਣ ਦੀ ਸਮਰੱਥਾ ਨੂੰ ਸੁਧਾਰਦੀ ਹੈ। ਬੈਲੇਂਸਡ ਰਾਸ਼ਨ ਨਾਲ ਪਸ਼ੂ ਲੰਬੇ ਸਮੇਂ ਤੱਕ ਸਿਹਤਮੰਦ ਤੇ ਉਤਪਾਦਕ ਰਹਿੰਦੇ ਹਨ।
Beta Carotene: ਬੀਟਾ ਕੈਰੋਟੀਨ
ਬੀਟਾ ਕੈਰੋਟੀਨ ਇੱਕ ਕੁਦਰਤੀ ਰੰਗਦਾਰ ਪਦਾਰਥ ਹੈ ਜੋ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਗਾਂ ਦੇ ਸਰੀਰ ਵਿੱਚ ਜਾ ਕੇ ਵਿਟਾਮਿਨ A ਵਿੱਚ ਬਦਲ ਜਾਂਦਾ ਹੈ, ਜੋ ਗੱਭਣ ਹੋਣ, ਅੱਖਾਂ ਦੀ ਸਿਹਤ, ਅਤੇ ਰੋਗਾਂ ਦੇ ਖਿਲਾਫ਼ ਇਮਿਊਨਿਟੀ ਲਈ ਜ਼ਰੂਰੀ ਹੁੰਦਾ ਹੈ। ਬੀਟਾ ਕੈਰੋਟੀਨ ਦੀ ਠੀਕ ਮਾਤਰਾ ਪਸ਼ੂਆਂ ਦੀ ਉਤਪਾਦਨ ਸ਼ਕਤੀ ਨੂੰ ਵਧਾਉਂਦੀ ਹੈ, ਬੱਚਾ ਸੁੱਟਣ ਦੇ ਖ਼ਤਰੇ ਨੂੰ ਘਟਾਉਂਦੀ ਹੈ ਅਤੇ ਦੁੱਧ ਦੀ ਗੁਣਵੱਤਾ ਵਿੱਚ ਸੁਧਾਰ ਕਰਦੀ ਹੈ।
Buffer: ਬਫ਼ਰ
ਬਫ਼ਰ ਉਹ ਪਦਾਰਥ ਹੁੰਦੇ ਹਨ ਜੋ ਗਾਂ ਦੇ ਰੂਮਨ ਵਿੱਚ ਐਸਿਡ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦੇ ਹਨ। ਜਦੋਂ ਗਾਂ ਨੂੰ ਜ਼ਿਆਦਾ ਅਨਾਜ ਜਾਂ ਦਾਣੇ ਵਾਲੀ ਖ਼ੁਰਾਕ ਮਿਲਦੀ ਹੈ, ਤਾਂ ਰੂਮਨ ਵਿੱਚ ਐਸਿਡ ਦਾ ਪੱਧਰ ਵੱਧ ਜਾਂਦਾ ਹੈ, ਜੋ ਹਾਜ਼ਮੇ ਅਤੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਬਫ਼ਰ ਐਸਿਡ ਨੂੰ ਨਿਯੰਤਰਿਤ ਕਰਕੇ ਰੂਮਨ ਦੀ ਸਹੀ ਕਾਰਗੁਜ਼ਾਰੀ ਨੂੰ ਬਣਾਏ ਰੱਖਦੇ ਹਨ ਅਤੇ ਐਸਿਡੋਸਿਸ ਵਰਗੀ ਸਮੱਸਿਆ ਤੋਂ ਬਚਾਉਂਦੇ ਹਨ।
Bypass Protein: ਬਾਈਪਾਸ ਪ੍ਰੋਟੀਨ
ਬਾਈਪਾਸ ਪ੍ਰੋਟੀਨ ਉਹ ਪ੍ਰੋਟੀਨ ਹੁੰਦਾ ਹੈ ਜੋ ਰੂਮਨ ਵਿੱਚ ਨਹੀਂ ਟੁੱਟਦਾ (ਅਣਪੱਚਿਆ ਰਹਿੰਦਾ ਹੈ) ਸਗੋਂ ਸਿੱਧਾ ਛੋਟੀਆਂ ਅੰਤੜੀਆਂ ਵਿੱਚ ਪਚਾਇਆ ਜਾਂਦਾ ਹੈ। ਜਿਸ ਕਾਰਨ ਇਹ ਸਰੀਰ ਦੁਆਰਾ ਵਧੀਆ ਤਰੀਕੇ ਨਾਲ ਵਰਤਿਆ ਜਾਂਦਾ ਹੈ। ਬਾਈਪਾਸ ਪ੍ਰੋਟੀਨ ਦੀ ਵਰਤੋਂ ਜ਼ਿਆਦਾ ਦੁੱਧ ਉਤਪਾਦਨ ਵਾਲੀਆਂ ਗਾਂਵਾਂ ਜਾਂ ਉਨ੍ਹਾਂ ਪਸ਼ੂਆਂ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਵਧੇਰੇ ਪ੍ਰੋਟੀਨ ਦੀ ਘਾਟ ਹੁੰਦੀ ਹੈ।
By-product: ਬਾਈ-ਪ੍ਰੋਡਕਟ
ਕਿਸੇ ਮੁੱਖ ਉਤਪਾਦ ਨੂੰ ਬਣਾਉਣ ਸਮੇਂ ਜੋ ਹੋਰ ਪਦਾਰਥ ਨਿਕਲਦੇ ਹਨ, ਉਹਨਾਂ ਨੂੰ ਬਾਈ-ਪ੍ਰੋਡਕਟ ਕਿਹਾ ਜਾਂਦਾ ਹੈ।
ਉਦਾਹਰਨ ਵਜੋਂ: ਸਰੋਂ ਦੀ ਖਲ਼, ਗੰਨੇ ਦੀ ਛਾਲ, ਚੋਕਰ ਆਦਿ। ਇਹ ਬਾਈ-ਪ੍ਰੋਡਕਟ ਅਕਸਰ ਪਸ਼ੂਆਂ ਦੇ ਚਾਰੇ ਵਿੱਚ ਵਰਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ।
Carbohydrate: ਕਾਰਬੋਹਾਈਡਰੇਟ
ਕਾਰਬੋਹਾਈਡਰੇਟ ਉਹ ਪੌਸ਼ਟਿਕ ਤੱਤ ਹੁੰਦੇ ਹਨ ਜੋ ਪਸ਼ੂਆਂ ਨੂੰ ਊਰਜਾ (energy) ਦਿੰਦੇ ਹਨ। ਇਹ ਸ਼ੂਗਰ, ਸਟਾਰਚ ਅਤੇ ਫਾਈਬਰ ਵਾਲੀਆਂ ਚੀਜ਼ਾਂ ਵਿੱਚ ਮਿਲਦੇ ਹਨ, ਜਿਵੇਂ ਕਿ ਹਰਾ ਚਾਰਾ, ਸੁੱਕਾ ਚਾਰਾ ਅਤੇ ਦਾਣੇ (ਜਿਵੇਂ ਕਿ ਮੱਕੀ ਆਦਿ)।
ਡੇਅਰੀ ਪਸ਼ੂਆਂ ਲਈ ਕਾਰਬੋਹਾਈਡਰੇਟਸ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਉਹਨਾਂ ਨੂੰ ਦਿਨ ਭਰ ਦੀ ਉੱਤਸ਼ਾਹਤਾ, ਹਾਜ਼ਮਾ ਤੇ ਦੁੱਧ ਦੇ ਉਤਪਾਦਨ ਲਈ ਊਰਜਾ ਮੁਹੱਈਆ ਕਰਵਾਉਂਦੇ ਹਨ। ਫਾਈਬਰ ਵਾਲੇ ਕਾਰਬੋਹਾਈਡਰੇਟ ਪੇਟ ਦੀ ਸਿਹਤ ਲਈ ਵੀ ਲਾਭਕਾਰੀ ਹੁੰਦੇ ਹਨ।
Cellulose: ਸੈਲੂਲੋਜ਼
ਸੈਲੂਲੋਜ਼ ਇੱਕ ਕੁਦਰਤੀ ਫਾਈਬਰ ਹੁੰਦਾ ਹੈ ਜੋ ਸਬਜ਼ੀਆਂ, ਘਾਹ, ਪੱਤਿਆਂ ਅਤੇ ਸੁੱਕੇ ਚਾਰੇ ਵਿੱਚ ਮਿਲਦਾ ਹੈ। ਇਹ ਪੌਦਿਆਂ ਦੇ ਤਣੇ ਦਾ ਮੁੱਖ ਹਿੱਸਾ ਹੁੰਦਾ ਹੈ ਅਤੇ ਇਸਨੂੰ ਮਨੁੱਖ ਜਾਂ ਆਮ ਜਾਨਵਰ ਪਚਾ ਨਹੀਂ ਸਕਦੇ। ਪਰ ਗਾਵਾਂ ਅਤੇ ਮੱਝਾਂ ਵਰਗੇ ਰਿਉਮਿਨੈਂਟ ਜਾਨਵਰਾਂ ਦੇ ਰੂਮਨ ਵਿੱਚ ਖਾਸ ਬੈਕਟੀਰੀਆ ਹੁੰਦੇ ਹਨ ਜੋ ਸੈਲੂਲੋਜ਼ ਨੂੰ ਤੋੜ ਕੇ ਊਰਜਾ ਬਣਾਉਂਦੇ ਹਨ। ਇਹ ਊਰਜਾ ਉਹਨਾਂ ਦੇ ਸਰੀਰ ਲਈ ਜ਼ਰੂਰੀ ਹੁੰਦੀ ਹੈ, ਹਾਜ਼ਮਾ ਠੀਕ ਰੱਖਦੀ ਹੈ ਅਤੇ ਇਸ ਨਾਲ ਦੁੱਧ ਦੇ ਉਤਪਾਦਨ ਵਿੱਚ ਵੀ ਮਦਦ ਮਿਲਦੀ ਹੈ।