"ਇਸ ਲੇਖ ਵਿੱਚ ਖ਼ੁਰਾਕ ਪ੍ਰਬੰਧਨ ਰਣਨੀਤੀਆਂ ਜੋ ਗਾਵਾਂ ਵਿੱਚ ਹੋਣ ਵਾਲੀਆਂ ਕੁੱਝ ਆਮ ਬਿਮਾਰੀਆਂ ਲਈ ਇਲਾਜ ਵਜੋਂ ਵਰਤੀਆਂ ਜਾ ਸਕਦੀਆਂ ਹਨ, ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।"
APRIL 2025
TEAM DAIRY GUARDIAN
Rumen Acidosis: ਰੂਮਨ ਐਸਿਡੋਸਿਸ
ਜਦੋਂ ਗਾਵਾਂ ਨੂੰ ਘੱਟ ਫਾਈਬਰ ਵਾਲੀ ਖ਼ੁਰਾਕ ਜਾਂ ਵਧੇਰੇ ਸ਼ੂਗਰ ਅਤੇ ਕਾਰਬੋਹਾਈਡਰੇਟ ਦਿੱਤੇ ਜਾਂਦੇ ਹਨ ਤਾਂ ਉਹਨਾਂ ਦੇ ਰੂਮਨ ਵਿੱਚ ਕੁਦਰਤੀ ਤੌਰ ਤੇ ਬਣ ਰਹੇ ਐਸਿਡ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ, ਜਿਸ ਕਾਰਨ ਉਹਨਾਂ ਦੇ ਅੰਦਰ ਅਲਸਰ ਪੈਦਾ ਹੋ ਸਕਦੇ ਹਨ। ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਉਹਨਾਂ ਅਲਸਰਾਂ ਰਾਹੀ ਖੂਨ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਆਖਰਕਾਰ ਜਿਗਰ ਵਿੱਚ ਫੋੜੇ ਪੈਦਾ ਕਰਦੇ ਹਨ।
ਰੂਮਨ ਐਸਿਡੋਸਿਸ ਤੋਂ ਬਚਾਅ ਲਈ; ਕਦੇ ਵੀ ਖ਼ੁਰਾਕ ਵਿੱਚ ਅਚਾਨਕ ਤਬਦੀਲੀ ਨਾ ਕਰੋ, ਖੁਰਾਕ ਵਿੱਚ ਸ਼ੂਗਰ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਰੱਖੋ, ਪਸ਼ੂਆਂ ਨੂੰ ਵਧੇਰੇ ਪਾਣੀ ਪਿਆਉਣ ਨਾਲ ਉਹਨਾਂ ਦੀ ਪਾਚਣ ਪ੍ਰਣਾਲੀ ਸਹੀ ਰਹਿੰਦੀ ਹੈ, ਪ੍ਰੋਬਾਇਓਟਿਕਸ ਦੇਣ ਨਾਲ ਰੂਮਨ ਵਿੱਚ ਚੰਗੇ ਬੈਕਟੀਰੀਆ ਦੀ ਗਿਣਤੀ ਵਧਦੀ ਹੈ, ਇਹ ਸਮੱਸਿਆ ਸਮੇਂ ਸੋਡੀਅਮ ਬਾਈਕਾਰਬੋਨੇਟ ਦੀ ਮਾਤਰਾ ਨੂੰ 2% ਤੱਕ ਕੀਤਾ ਜਾ ਸਕਦਾ ਹੈ।
Ketosis: ਕੀਟੋਸਿਸ
ਇਹ ਗਾਵਾਂ ਵਿੱਚ ਹੋਣ ਵਾਲੀ ਇੱਕ ਆਮ ਮੈਟਾਬੋਲਿਕ ਬਿਮਾਰੀ ਹੈ ਜੋ ਆਮ ਤੌਰ ਤੇ ਉਹਨਾਂ ਗਾਵਾਂ ਵਿੱਚ ਪਾਈ ਜਾਂਦੀ ਹੈ ਜੋ ਵੱਧ ਦੁੱਧ ਦੇਣ ਵਾਲੀਆਂ ਹੁੰਦੀਆਂ ਹਨ। ਇਹ ਸਮੱਸਿਆ ਆਮ ਤੌਰ ਤੇ ਸੂਣ ਤੋਂ ਬਾਅਦ, ਦੁੱਧ ਉਤਪਾਦਨ ਦੇ ਸ਼ੁਰੂ ਵਾਲੇ 4-6 ਹਫ਼ਤਿਆਂ ਵਿੱਚ ਆਉਂਦੀ ਹੈ।
ਪਸ਼ੂ ਨੂੰ ਭੁੱਖ ਘੱਟ ਲੱਗਣੀ, ਸ਼ਰੀਰਕ ਭਾਰ ਤੇਜੀ ਨਾਲ ਘਟਣਾ, ਦੁੱਧ ਉਤਪਾਦਨ ਵਿੱਚ ਕਮੀ, ਸੁਸਤੀ, ਸਰੀਰਕ ਦੁਰਲੱਭਤਾ ਅਤੇ ਸਾਹ ਵਿੱਚ ਮਿੱਠੀ ਗੰਧ (Acetone like smell in breath) ਆਮ ਲੱਛਣ ਹੋ ਸਕਦੇ ਹਨ। ਜੇਕਰ ਸਾਈਲੇਜ ਦੀ ਸਹੀ ਫਰਮੈਂਟੇਸ਼ਨ ਨਹੀਂ ਹੋਈ ਤਾਂ ਇਸ ਨੂੰ ਖ਼ੁਰਾਕ ਵਿੱਚੋਂ ਹਟਾ ਦੇਣਾ ਚਾਹੀਦਾ ਹੈ ਜਾਂ ਇਸਦੀ ਮਾਤਰਾ ਬਹੁਤ ਘੱਟ ਕਰ ਦੇਣੀ ਚਾਹੀਦੀ ਹੈ। ਖ਼ੁਰਾਕ ਵਿੱਚ ਨਾਇਸਨ (Niacin), ਕੈਲਸੀਅਮ ਪ੍ਰੋਪੀਓਨੇਟ (Calcium Propionate), ਸੋਡੀਅਮ ਪ੍ਰੋਪੀਓਨੇਟ (Sodium Propionate), ਪ੍ਰੋਪੀਲੀਨ ਗਲਾਈਕੋਲ (Propylene Glycol) ਅਤੇ ਰੂਮਨ ਪ੍ਰੋਟੈਕਟਡ ਕੋਲਿਨ (Rumen Protected Choline) ਕੀਟੋਸਿਸ ਦੀ ਰੋਕਥਾਮ ਵਿੱਚ ਮਦਦ ਕਰਦੇ ਹਨ। ਗਰਭ ਅਵਸਥਾ ਦੌਰਾਨ ਉੱਚਤ ਬੈਲੇਂਸ ਫੀਡ ਦਿਓ ਤਾਂ ਜੋ ਗਾਵਾਂ ਜ਼ਿਆਦਾ ਮੋਟੀਆਂ ਨਾ ਹੋਣ।
Fatty Liver: ਫੈਟੀ ਜਿਗਰ
ਫੈਟੀ ਜਿਗਰ ਗਾਵਾਂ ਵਿੱਚ ਇੱਕ ਗੰਭੀਰ ਮੈਟਾਬੋਲਿਕ ਬਿਮਾਰੀ ਹੈ ਜੋ ਆਮ ਤੌਰ ਤੇ ਸੂਣ ਤੋਂ ਬਾਅਦ ਕੀਟੋਸਿਸ (Ketosis) ਨਾਲ ਜੁੜੀ ਹੁੰਦੀ ਹੈ। ਇਸ ਨਾਲ ਗਾਂ ਦੇ ਜਿਗਰ ਵਿੱਚ ਵਾਧੂ ਚਰਬੀ ਜਮਾਂ ਹੋ ਜਾਂਦੀ ਹੈ ਜਿਸ ਨਾਲ ਜਿਗਰ ਦੀ ਕਰਗੁਜਾਰੀ ਬੁਰੀ ਤਰਾਂ ਪ੍ਰਭਾਵਤ ਹੁੰਦੀ ਹੈ।
ਭੁੱਖ ਨਾ ਲੱਗਣਾ, ਡਿਪਰੈਸ਼ਨ, ਸਾਹ ਚੜ੍ਹਨਾ, ਤੇਜ਼ੀ ਨਾਲ ਭਾਰ ਘਟਣਾ, ਕਮਜ਼ੋਰੀ, ਨਰਵਸ ਸਿਸਟਮ ਦੀਆਂ ਸਮੱਸਿਆਵਾਂ, ਗਾਂ ਦਾ ਬੈਠ ਜਾਣਾ ਅਤੇ ਮੌਤ ਇਸਦੇ ਲੱਛਣ ਹੋ ਸਕਦੇ ਹਨ।
ਰੂਮਨ ਪ੍ਰੋਟੈਕਟਿਡ ਕੋਲਿਨ (Rumen Protected Choline) ਅਤੇ ਪ੍ਰੋਪਾਈਲਨ ਗਲਾਈਕੋਲ (Propylene Glycol) ਫੈਟੀ ਲਿਵਰ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਸਾਬਿਤ ਹੁੰਦੇ ਹਨ। ਡਰਾਈ ਸਮੇਂ ਗਾਵਾਂ ਨੂੰ ਸੰਤੁਲਤ ਅਹਾਰ ਦੇਣਾ ਚਾਹੀਦਾ ਹੈ ਜਿਸ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕੇ।
Displaced Abomasum
Displaced Abomasum: ਡਿਸਪਲੇਸਡ ਅਬੋਮੇਸਮ
“ਐਬੋਮੇਸਮ ਦਾ ਹਿੱਲ ਜਾਣਾ” ਉਹ ਹਾਲਤ ਹੈ ਜਦੋ ਗਾਂ ਦਾ ਚੌਥਾ ਪੇਟ ਆਪਣੀ ਜਗਾ ਤੋਂ ਹਿੱਲ ਜਾਂਦਾ ਹੈ ਜਾਂ ਘੁੰਮ ਜਾਂਦਾ ਹੈ। ਇਹ ਸਮੱਸਿਆ ਆਮ ਤੌਰ ਤੇ ਸੂਣ ਤੋਂ ਬਾਅਦ ਤਾਜਾ ਦੁੱਧ ਦੇਣ ਵਾਲੀਆਂ ਗਾਵਾਂ ਵਿੱਚ ਹੁੰਦੀ ਹੈ। ਜ਼ਿਆਦਾ ਤੌਰ ਤੇ ਐਬੋਮੇਸਮ ਖੱਬੇ ਪਾਸੇ ਚਲਾ ਜਾਂਦਾ ਹੈ, ਜੇਕਰ ਇਹ ਸੱਜੇ ਪਾਸੇ ਚਲਿਆ ਜਾਵੇ ਤਾਂ ਇਹ ਘੁੰਮ ਜਾਂਦਾ ਹੈ ਜੋ ਕਿ ਜ਼ਿਆਦਾ ਗੰਭੀਰ ਹਾਲਤ ਬਣਾ ਦਿੰਦਾ ਹੈ।
ਇਸ ਤੋਂ ਬਚਾਅ ਲਈ ਪਸ਼ੂ ਨੂੰ ਪੂਰੀ ਫਾਈਬਰ ਵਾਲੀ ਖ਼ੁਰਾਕ ਦਿਓ। ਇੱਕ ਅਧਿਐਨ ਵਿੱਚ 60% ਫੋਰੇਜ ਖਾਣ ਵਾਲੀਆਂ ਗਾਵਾਂ ਵਿੱਚ 16.7% ਅਤੇ 30% ਫੋਰੇਜ ਖਾਣ ਵਾਲੀਆਂ ਗਾਵਾਂ ਵਿੱਚ 36% ਕੇਸ ਪਾਏ ਗਏ, ਜੋ ਇਹ ਦਰਸਾਉਂਦਾ ਹੈ ਕਿ ਘੱਟ ਚਾਰਾ ਖਾਣ ਨਾਲ ਖ਼ਤਰਾ ਵਧਦਾ ਹੈ। ਪੇਟ ਵਿੱਚ ਜ਼ਿਆਦਾ ਗੈਸ ਜਮਾ ਹੋ ਜਾਵੇ ਤਾਂ ਇਹ ਆਪਣੇ ਸਥਾਨ ਤੋਂ ਹਿੱਲ ਸਕਦਾ ਹੈ। ਇਸ ਕਰਕੇ ਖ਼ੁਰਾਕ ਵਿੱਚ 1% ਸੋਡੀਅਮ ਬਾਈਕਾਰਬੋਨੇਟ ਜ਼ਰੂਰ ਸ਼ਾਮਲ ਕਰੋ।
Retained Placenta: ਰਿਟੇਂਡ ਪਲੇਸੈਂਟਾ
ਜੇਰ ਨਾ ਪੈਣਾ: ਕਈ ਵਾਰ ਗਾਂ ਬਹੁਤ ਔਖੀ ਸੂੰਦੀ ਹੈ ਜਾਂ ਸੂੰਦੇ ਸਮੇਂ ਬੱਚਾ ਫਸ ਜਾਂਦਾ ਹੈ (Dystocia) ਜੋ ਕਿ ਜੇਰ ਨਾ ਪੈਣ ਦਾ ਕਾਰਨ ਹੋ ਸਕਦਾ ਹੈ। ਆਮ ਹਾਲਤ ਵਿੱਚ ਜੇਕਰ ਸੂਣ ਤੋਂ ਬਾਅਦ ਜੇਰ 12 ਘੰਟੇ ਅੰਦਰ ਬਾਹਰ ਨਹੀਂ ਨਿਕਲਦੀ ਤਾਂ ਇਸਦਾ ਕਾਰਨ ਪੋਸ਼ਣ ਦੀ ਘਾਟ ਹੋ ਸਕਦੀ ਹੈ।
ਇਸ ਤੋਂ ਬਚਣ ਲਈ ਸੂਣ ਤੋਂ ਪਹਿਲਾਂ ਸੈਲੀਨੀਅਮ (Selenium) 4mg, ਵਿਟਾਮਿਨ E 1000 IU ਅਤੇ ਵਿਟਾਮਿਨ A 10,000,000 IU ਦੀ ਉਪਲੱਭਤਾ ਬਹੁਤ ਜ਼ਰੂਰੀ ਹੈ। ਵਿਟਾਮਿਨ A ਸੁਭਾਵਕ ਤਰੀਕੇ ਨਾਲ ਜੇਰ ਪੈਣ ਵਿੱਚ ਬਹੁਤ ਭੂਮਿਕਾ ਨਿਭਾਉਂਦਾ ਹੈ। ਪ੍ਰੋਟੀਨ ਦੀ ਘਾਟ ਕਾਰਨ ਜੇਰ ਦਾ ਸਾਈਜ਼ ਵੱਧ ਜਾਂਦਾ ਹੈ ਤਾਂ ਜੋ ਉਹ ਸਰੀਰ ਤੋਂ ਲੋੜੀਂਦੇ ਜਰੂਰੀ ਤੱਤ ਲੈ ਸਕੇ। ਸੰਤੁਲਤ ਖ਼ੁਰਾਕ ਰੱਖੋ ਤਾਂ ਜੋ ਗਾਵਾਂ ਜਿਆਦਾ ਮੋਟੀਆਂ ਨਾ ਹੋਣ ਅਤੇ ਉਹਨਾਂ ਨੂੰ ਲੋੜੀਂਦੇ ਸਾਰੇ ਤੱਤ ਮਿਲਦੇ ਰਹਿਣ।