APRIL 2025
TEAM DAIRY GUARDIAN
ਪੰਜਾਬ ਦੀਆਂ ਗਰਮੀਆਂ ਕਿਸੇ ਤੋਂ ਓਹਲੀਆਂ ਨਹੀਂ। ਪਾਰਾ 45°C ਤੋਂ ਪਾਰ ਜਾਣ ਲੱਗ ਪੈਂਦਾ ਹੈ, ਤੇ ਅਸੀਂ ਪਸ਼ੂਆਂ ਦੀ ਸੰਭਾਲ 'ਚ ਹੀ ਰਹਿ ਜਾਂਦੇ ਹਾਂ। ਪਰ ਕੀ ਅਸੀਂ ਆਪਣੀ ਸਿਹਤ ਬਾਰੇ ਵੀ ਸੋਚਦੇ ਹਾਂ? ਗਰਮੀ ਸਾਨੂੰ ਵੀ ਅਸਰ ਕਰਦੀ ਹੈ, ਤੇ ਜੇ ਸਾਡੀ ਸਿਹਤ ਢਿੱਲੀ ਪੈ ਗਈ, ਤਾਂ ਪਸ਼ੂਆਂ ਦੀ ਸੰਭਾਲ ਵੀ ਠੀਕ ਤਰਾਂ ਨਾਲ ਨਹੀਂ ਹੋਵੇਗੀ।
ਡੇਅਰੀ ਕਿਸਾਨਾਂ ਲਈ ਗਰਮ ਮੌਸਮ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ। ਹੱਦ ਤੋਂ ਵੱਧ ਗਰਮੀ ਨਾ ਸਿਰਫ਼ ਸਰੀਰ ਦੀ ਊਰਜਾ ਨੂੰ ਘਟਾਉਂਦੀ ਹੈ, ਸਗੋਂ ਹੀਟ ਸਟ੍ਰੋਕ, ਪਾਣੀ ਦੀ ਕਮੀ (ਡੀਹਾਈਡਰੇਸ਼ਨ) ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦੀ ਹੈ। ਖੇਤਾਂ ਅਤੇ ਡੇਅਰੀ ਦੇ ਕੰਮ ਦਿਨ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ, ਅਤੇ ਅਸੀਂ ਅਕਸਰ ਆਪਣੇ ਆਪ ਉੱਤੇ ਧਿਆਨ ਨਹੀਂ ਦਿੰਦੇ।
“ਕਿਸਾਨ ਆਪਣੇ ਫਾਰਮ ਵਿੱਚ ਹਰ ਇੱਕ ਚੀਜ਼ ਦੀ ਚਿੰਤਾ ਕਰਦੇ ਹਨ ਆਪਣੇ ਆਪ ਨੂੰ ਛੱਡ ਕੇ”
ਆਉਂਦੇ ਤਪਦੇ ਦਿਨਾਂ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਤੁਸੀਂ ਨਾ ਸਿਰਫ਼ ਆਪਣੀ ਤੰਦਰੁਸਤੀ ਬਰਕਰਾਰ ਰੱਖ ਸਕੋ, ਬਲਕਿ ਆਪਣੇ ਪਸ਼ੂਆਂ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੋ।
1. ਪਾਣੀ ਪੀਣਾ ਨਾ ਭੁੱਲੋ
ਖੇਤ 'ਚ ਜਾਂ ਡੇਅਰੀ 'ਚ ਕੰਮ ਕਰਦੇ ਹੋਏ, ਅਕਸਰ ਅਸੀਂ ਪਾਣੀ ਪੀਣਾ ਭੁੱਲ ਜਾਂਦੇ ਹਾਂ। ਪਰ ਇਹ ਸਾਰੀ ਤਕਲੀਫ਼ਾਂ ਦੀ ਜੜ੍ਹ ਹੋ ਸਕਦੀ ਹੈ। ਘੱਟੋ-ਘੱਟ 3-4 ਲੀਟਰ ਪਾਣੀ ਹਰ ਦਿਨ ਪੀਓ। ਲੱਸੀ, ਨਿੰਬੂ ਪਾਣੀ ਜਾਂ ਗੁੜ-ਪਾਣੀ ਵਰਗੀਆਂ ਚੀਜ਼ਾਂ ਵੀ ਲਾਭਕਾਰੀ ਹਨ।
2. ਧੁੱਪ ਵਿੱਚ ਕੰਮ ਕਰਨਾ ਘੱਟ ਕਰੋ
ਡੇਅਰੀ ਦੇ ਮੁੱਖ ਧੁੱਪ ਵਿੱਚ ਕਰਨ ਵਾਲੇ ਕੰਮ ਸਵੇਰੇ ਅਤੇ ਸ਼ਾਮ ਨੂੰ ਨਿਪਟਾ ਲਓ। ਜੇ ਧੁੱਪ ਵਿੱਚ ਜਾਣਾ ਲਾਜ਼ਮੀ ਹੋਵੇ, ਤਾਂ ਆਪਣੇ ਸਿਰ ਨੂੰ ਢੱਕ ਕੇ ਰੱਖੋ।
3. ਸਹੀ ਕੱਪੜੇ ਪਹਿਨੋ
ਗਰਮੀਆਂ 'ਚ ਜੇ ਤੰਗ, ਗੂੜੇ ਰੰਗਾਂ ਵਾਲੇ ਕੱਪੜੇ ਪਹਿਨ ਲਏ, ਤਾਂ ਪਸੀਨਾ ਤੁਹਾਨੂੰ ਔਖਾ ਕਰ ਦੇਵੇਗਾ। ਹਲਕੇ, ਸੁਤੀ, ਤੇ ਢਿੱਲੇ ਕੱਪੜੇ ਪਹਿਨੋ। ਪੱਗ ਜਾਂ ਇੱਕ ਚੰਗੀ ਟੋਪੀ ਵੀ ਸਿਰ ਨੂੰ ਠੰਢਾ ਰੱਖਣ ਵਿੱਚ ਮਦਦ ਕਰੇਗੀ।
4. ਹੀਟ ਸਟ੍ਰੋਕ ਤੋਂ ਬਚੋ
ਖੇਤਾਂ ਵਿੱਚ ਕੰਮ ਕਰਦੇ-ਕਰਦੇ ਜੇ ਤੁਹਾਨੂੰ ਚੱਕਰ ਆਉਣ, ਮਤਲੇ ਹੋਣ ਜਾਂ ਬੇਹੋਸ਼ੀ ਵਾਂਗ ਮਹਿਸੂਸ ਹੋਵੇ, ਤਾਂ ਇਹ 'ਹੀਟ ਸਟ੍ਰੋਕ' ਹੋ ਸਕਦਾ ਹੈ। ਤੁਰੰਤ ਛਾਂ ਵਿੱਚ ਜਾਓ, ਪਾਣੀ ਪੀਓ, ਅਤੇ ਜੇ ਹਾਲਤ ਨਾ ਸੁਧਰੇ, ਤਾਂ ਡਾਕਟਰ ਕੋਲ ਜਾਓ।
5. ਪੂਰੀ ਨੀਂਦ ਲਓ
ਘਰ 'ਚ ਕੰਮ, ਡੇਅਰੀ, ਤੇ ਖੇਤ—ਇਹਨਾਂ ਸਾਰਿਆਂ ਚੱਕਰਾਂ ਵਿੱਚ ਅਸੀਂ ਅਕਸਰ ਆਪਣੀ ਨੀਂਦ ਤੋਂ ਕੁਝ ਘੰਟੇ ਕਟ ਲੈਂਦੇ ਹਾਂ। ਪਰ 6-8 ਘੰਟੇ ਦੀ ਪੂਰੀ ਨੀਂਦ ਤੁਹਾਡੀ ਤਾਕਤ ਤੇ ਤੰਦਰੁਸਤੀ ਦੋਵਾਂ ਲਈ ਲੋੜੀਂਦੀ ਹੈ।
6. ਸਹੀ ਖਾਣ-ਪੀਣ ਰੱਖੋ
ਤੇਲ, ਮਸਾਲਿਆਂ ਵਾਲੇ ਭਾਰੀ ਖਾਣੇ ਨੂੰ ਘੱਟ ਕਰੋ। ਗਰਮ ਮੌਸਮ 'ਚ ਹਲਕਾ, ਪੌਸ਼ਟਿਕ ਖਾਣਾ ਖਾਓ। ਦਹੀਂ, ਲੱਸੀ, ਤਾਜ਼ੇ ਫ਼ਲ ਤੇ ਹਰੀਆਂ ਸਬਜ਼ੀਆਂ ਤੁਹਾਡੇ ਸਰੀਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਦੀਆਂ ਹਨ।
ਜੇਕਰ ਕਿਸੇ ਨੂੰ ਬਹੁਤ ਪਿਆਸ ਲੱਗਣੀ, ਤਾਪ ਚੜ੍ਹਨਾ, ਚੱਕਰ ਆਉਣੇ, ਜਾਂ ਪਸੀਨਾ ਬੰਦ ਹੋ ਜਾਣ ਦੀ ਸਮੱਸਿਆ ਹੋਵੇ, ਤਾਂ ਇਸ ਨੂੰ ਹਲਕਾ ਨਾ ਲਵੋ। ਤੁਰੰਤ ਡਾਕਟਰ ਦੀ ਸਲਾਹ ਲਓ।
ਕਿਸਾਨਾਂ ਲਈ ਤੰਦਰੁਸਤੀ ਸਭ ਤੋ ਵੱਡੀ ਦੌਲਤ ਹੈ। ਜੇ ਤੁਸੀਂ ਆਪਣੀ ਸੰਭਾਲ ਨਹੀਂ ਕਰੋਗੇ, ਤਾਂ ਤੁਹਾਡੀ ਡੇਅਰੀ ਵੀ ਪ੍ਰਭਾਵਿਤ ਹੋਵੇਗੀ। ਇਸ ਗਰਮ ਮੌਸਮ ਵਿੱਚ ਆਪਣੇ ਆਪ ਨੂੰ ਠੰਢਾ ਤੇ ਤੰਦਰੁਸਤ ਰੱਖੋ, ਤਾਂ ਕਿ ਤੁਸੀਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੋ।