ਡੇਅਰੀ ਪਸ਼ੂਆਂ ਲਈ ਪਾਣੀ ਦਾ ਮਹੱਤਵ
ਡੇਅਰੀ ਪਸ਼ੂਆਂ ਲਈ ਪਾਣੀ ਦਾ ਮਹੱਤਵ
Photo Credit: Hubbard
APRIL 2025
TEAM DAIRY GUARDIAN
ਡੇਅਰੀ ਪਸ਼ੂਆਂ ਦੀ ਖੁਰਾਕ ਵਿੱਚ ਪਾਣੀ ਸਭ ਤੋਂ ਸਸਤਾ ਅਤੇ ਸਭ ਤੋਂ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਫਿਰ ਵੀ ਸਫਾਈ ਅਤੇ ਉਪਲਬਧਤਾ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਦੇਖਿਆ ਗਿਆ ਹੈ ਕਿ ਇੱਕ ਦੁੱਧ ਦੇਣ ਵਾਲੀ ਗਾਂ ਇੱਕ ਦਿਨ ਵਿੱਚ 130 ਤੋਂ 220 ਲੀਟਰ ਪਾਣੀ ਪੀ ਜਾਂਦੀ ਹੈ ਅਤੇ ਇਹ ਗਰਮੀ ਦੀ ਰੁੱਤ ਵਿੱਚ ਦੁੱਗਣਾ ਹੋ ਸਕਦਾ ਹੈ।
ਇੱਕ ਡੇਅਰੀ ਗਾਂ ਦਾ ਆਕਾਰ, ਦੁੱਧ ਉਤਪਾਦਨ ਦੀ ਮਾਤਰਾ, ਖਾਧੇ ਗਏ ਖੁਸ਼ਕ ਪਦਾਰਥ ਦੀ ਮਾਤਰਾ, ਖੁਰਾਕ ਵਿੱਚ ਨਮੀ ਦੀ ਮਾਤਰਾ, ਤਾਪਮਾਨ ਅਤੇ ਵਾਤਾਵਰਣ ਦੀ ਨਮੀ, ਪੀਣ ਵਾਲੇ ਪਾਣੀ ਦਾ ਤਾਪਮਾਨ ਅਤੇ ਪਾਣੀ ਦੀ ਗੁਣਵੱਤਾ ਅਤੇ ਉਪਲੱਬਧਤਾ, ਇਸ ਗੱਲ ਨੂੰ ਪ੍ਰਭਾਵਤ ਕਰੇਗੀ ਕਿ ਇੱਕ ਗਊ ਦਿਨ ਭਰ ਵਿੱਚ ਕਿੰਨਾ ਪਾਣੀ ਪੀਂਦੀ ਹੈ। ਇਸ ਲਈ, ਇਹ ਯਕੀਨੀ ਬਣਾਉਣਾ ਕਿ ਸਾਰੀਆਂ ਗਾਵਾਂ ਕੋਲ ਭਰਪੂਰ, ਸਾਫ਼ ਪਾਣੀ ਦੀ ਸਪਲਾਈ ਹੋਵੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਜ਼ਰੂਰਤ ਹੈ।
ਪੂਰੇ ਦਿਨ ਵਿੱਚ, ਗਾਵਾਂ ਲਗਭਗ 10 ਤੋਂ 60 ਮਿੰਟ ਪਾਣੀ ਪੀਣ ਵਿੱਚ ਬਿਤਾਉਂਦੀਆਂ ਹਨ। ਜੇਕਰ ਪਾਣੀ ਵਾਲੀ ਖੇਲ ਕਾਫ਼ੀ ਵੱਡੀ ਨਹੀਂ ਹੈ ਜਾਂ ਪਾਣੀ ਦੇ ਵਹਾਅ ਦਾ ਦਰ ਬਹੁਤ ਹੌਲੀ ਹੈ, ਤਾਂ ਗਾਵਾਂ ਨੂੰ ਆਪਣੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਹਰੇਕ ਗਊ ਨੂੰ ਪੀਣ ਲਈ ਢੁਕਵਾਂ ਸਮਾਂ ਦਿੱਤਾ ਜਾਵੇ, ਉਹਨਾਂ ਨੂੰ ਪਾਣੀ ਪੀਣ ਲਈ ਢੁਕਵੀਂ ਥਾਂ ਪ੍ਰਦਾਨ ਕਰਨਾ ਜ਼ਰੂਰੀ ਹੈ। ਪੀਣ ਵਾਲੇ ਪਾਣੀ ਦੀ ਥਾਂ ਦੀਆਂ ਸਿਫ਼ਾਰਸ਼ਾਂ ਇਸ ਤਰਾਂ ਹਨ:
◦ ਪਾਣੀ ਦੀ ਖੇਲ਼ ਦੀ ਪ੍ਰਤੀ ਗਾਂ ਲਈ 3 ਤੋਂ 5 ਇੰਚ ਦੀ ਥਾਂ ਹੋਣੀ ਚਾਹੀਦੀ ਹੈ।
◦ ਪਾਣੀ ਦੀ ਖੇਲ਼ ਦੀ ਉਚਾਈ 24 ਤੋਂ 32 ਇੰਚ ਤੱਕ ਚਾਹੀਦੀ ਹੈ।
◦ ਪਾਣੀ ਦੀ ਡੂੰਘਾਈ ਘੱਟੋ-ਘੱਟ 3 ਇੰਚ ਹੋਣੀ ਚਾਹੀਦੀ ਹੈ।
◦ ਹਰ ਗਾਂਵਾਂ ਦੇ ਟੋਲੇ ਵਿੱਚ ਇਕ ਸਮਾਜਿਕ ਢਾਂਚਾ ਹੁੰਦਾ ਹੈ, ਜਿਸ ਵਿੱਚ ਇੱਕ ਮੁੱਖ ਗਾਂ ਹੋ ਸਕਦੀ ਹੈ ਜਿਸ ਤੋਂ ਹੋਰ ਗਾਂਵਾਂ ਡਰਦੀਆਂ ਹਨ। ਜੇਕਰ ਉਹ ਮੁੱਖ ਗਾਂ ਪਾਣੀ ਵਾਲੀ ਖੇਲ਼ 'ਤੇ ਹੋਵੇ, ਤਾਂ ਡਰਨ ਵਾਲੀਆਂ ਗਾਂਵਾਂ ਪਾਣੀ ਪੀਣ ਜਾਣ ਤੋਂ ਹਿਚਕਿਚਾਉਂਦੀਆਂ ਹਨ। ਇਸ ਕਾਰਨ ਪ੍ਰਤੀ ਪੈੱਨ 'ਤੇ ਘੱਟੋ-ਘੱਟ 2 ਪਾਣੀ ਦੀਆਂ ਖੇਲ਼ਾਂ ਹੋਣੀਆਂ ਜਰੂਰੀ ਹਨ।
◦ ਪਾਣੀ ਦੀ ਖੇਲ਼ ਤੇ ਏਨੀ ਜਗ੍ਹਾ ਪ੍ਰਦਾਨ ਕਰੋ ਤਾਂ ਜੋ ਇੱਕ ਸਮੂਹ ਦੀਆਂ 20% ਗਾਵਾਂ ਇੱਕ ਵਾਰ ਵਿੱਚ ਪਾਣੀ ਪੀ ਸਕਣ।
◦ ਖਾਣ ਵਾਲੀ ਖੁਰਲੀ ਅਤੇ ਬੈਠਣ ਵਾਲੀ ਜਗ੍ਹਾ ਦੇ 50 ਫੁੱਟ ਦੇ ਅੰਦਰ ਹਰ ਕਰਾਸਓਵਰ 'ਤੇ ਸਥਿਤ ਇੱਕ ਪਾਣੀ ਦੀ ਟੈਂਕੀ ਹੋਣੀ ਚਾਹੀਦੀ ਹੈ।
◦ ਦੁੱਧ ਚਵਾਉਣ ਤੋਂ ਵਾਪਸ ਆਉਣ ਤੋਂ ਬਾਅਦ ਪਾਣੀ ਤੁਰੰਤ ਉਪਲੱਬਧ ਹੋਣਾ ਚਾਹੀਦਾ ਹੈ।
"ਯਾਦ ਰੱਖਣ ਲਈ ਇੱਕ ਮਹੱਤਵਪੂਰਨ ਤੱਥ ਇਹ ਹੈ ਕਿ ਗਾਵਾਂ ਦੁੱਧ ਦੇਣ ਤੋਂ ਬਾਅਦ 1 ਘੰਟੇ ਦੇ ਅੰਦਰ ਆਪਣੇ ਕੁੱਲ ਰੋਜ਼ਾਨਾ ਪਾਣੀ ਪੀਣ ਦੀ ਮਾਤਰਾ ਦਾ 30% ਤੋਂ 50% ਪੀ ਲੈਂਦੀਆਂ ਹਨ।"
ਇਸ ਸਮੇਂ ਪਾਰਲਰ ਦੀ ਸਫਾਈ ਵੀ ਚਲ ਰਹੀ ਹੁੰਦੀ ਹੈ ਜਿਸ ਕਾਰਨ ਪਾਣੀ ਦੀ ਖੇਲ਼ ਨੂੰ ਜਾਣ ਵਾਲੇ ਪਾਣੀ ਦਾ ਵਹਾਅ ਘੱਟ ਸਕਦਾ ਹੈ। ਇਸ ਸਮੇਂ ਪਾਣੀ ਦੇ ਵਹਾਅ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਬਦਲਿਆ ਜਾਣਾ ਚਾਹੀਦਾ ਹੈ।
ਸਾਲ ਵਿੱਚ ਦੋ ਵਾਰ ਪਾਣੀ ਦੀ ਗੁਣਵੱਤਾ ਨੂੰ ਲੈਬ ਵਿਚੋਂ ਚੈਕ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਤੁਹਾਡੇ ਫਾਰਮ ਤੋਂ ਪਾਣੀ ਦਾ ਨਮੂਨਾ ਇਕੱਠਾ ਕਰਕੇ ਰਸਾਇਣਕ ਅਤੇ ਭੌਤਿਕ ਪਹਿਲੂਆਂ ਜਿਵੇਂ ਕਿ ਖਣਿਜ, ਨਾਈਟ੍ਰੇਟ-ਨਾਈਟ੍ਰੋਜਨ, ਕੁੱਲ ਘੁਲਣ ਵਾਲੇ ਘੋਲ ਅਤੇ ਬੈਕਟੀਰੀਆ ਦੀ ਗਿਣਤੀ ਦਾ ਪਤਾ ਲਗ ਸਕੇ।
“ਪਾਣੀ ਦੀ ਤਾਜ਼ਗੀ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਪਾਣੀ ਦੀਆਂ ਖੇਲਾਂ ਨੂੰ ਇੱਕ ਹਲਕੇ ਕਲੋਰੀਨ ਘੋਲ ਨਾਲ ਖਾਲੀ ਅਤੇ ਸਾਫ਼ ਕੀਤਾ ਜਾਣਾ ਚਾਹੀਦਾ ਹੈ ਅਤੇ ਘੱਟੋ-ਘੱਟ ਹਫ਼ਤਾਵਾਰ ਤਾਜ਼ੇ ਪਾਣੀ ਨਾਲ ਭਰਿਆ ਜਾਣਾ ਚਾਹੀਦਾ ਹੈ। ਵੱਛੀਆਂ ਦੀਆਂ ਪਾਣੀ ਦੀਆਂ ਬਾਲਟੀਆਂ ਅਤੇ ਕਟੋਰਿਆਂ ਨੂੰ ਵੀ ਇਸ ਤਰਾ ਸਾਫ਼ ਕਰਨਾ ਚਾਹੀਦਾ ਹੈ।
ਆ ਰਹੇ ਗਰਮੀ ਦੇ ਮੌਸਮ ਲਈ ਇਹ ਅੱਜ ਹੀ ਯਕੀਨੀ ਬਣਾਓ ਕਿ ਪਸ਼ੂਆਂ ਨੂੰ ਸ਼ੁੱਧ ਅਤੇ ਸਹੀ ਮਾਤਰਾ ਵਿੱਚ ਪਾਣੀ ਮਿਲ ਰਿਹਾ ਹੈ ਤਾਂ ਜੋ ਉਹਨਾਂ ਦੀ ਤੰਦਰੁਸਤੀ ਅਤੇ ਉਤਪਾਦਨ ਸ਼ਕਤੀ ਵਧੀਆ ਰਹੇ।