“ਦੁੱਧ ਦੇਣ ਦੀ ਸ਼ੁਰੂਆਤ ਵਾਲਾ ਸਮਾਂ (ਜਦੋਂ ਗਾਂ ਨੇ ਬੱਚਾ ਦਿੱਤਾ ਹੁੰਦਾ ਹੈ) ਵੱਧ ਦੁੱਧ ਦੇਣ ਵਾਲੀਆਂ ਗਾਵਾਂ ਲਈ ਬਹੁਤ ਹੀ ਔਖਾ ਹੁੰਦਾ ਹੈ। ਇਸ ਸਮੇਂ ਗਾਂ ਦੇ ਸਰੀਰ ਵਿੱਚ ਮੈਟਾਬੌਲਿਕ (metabolic) ਤਬਦੀਲੀਆਂ ਆਉਂਦੀਆਂ ਹਨ। ਇਸ ਲਈ ਜੇ ਗਾਂ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਭਰਪੂਰ ਖ਼ੁਰਾਕ ਦਿੱਤੀ ਜਾਵੇ ਤਾਂ ਉਹ ਸਰੀਰ ਨੂੰ ਸੰਤੁਲਨ ਵਿੱਚ ਰੱਖਦੀ ਹੈ ਅਤੇ ਦੁੱਧ ਦੀ ਪੈਦਾਵਾਰ ਵੀ ਠੀਕ ਰਹਿੰਦੀ ਹੈ।”
MAY 2025
TEAM DAIRY GUARDIAN
ਅੱਜਕੱਲ ਗਾਵਾਂ ਰੋਜ਼ਾਨਾ 40 ਲੀਟਰ ਜਾਂ ਇਸ ਤੋਂ ਵੱਧ ਦੁੱਧ ਦੇ ਰਹੀਆਂ ਹਨ। ਜਿਸ ਲਈ ਉਹ ਆਪਣੇ ਸਰੀਰ ਦੀ ਸੰਭਾਲ ਲਈ ਪੂਰੇ ਪੌਸ਼ਟਿਕ ਤੱਤ ਨਹੀਂ ਰੱਖ ਪਾਉਂਦੀਆਂ ਅਤੇ ਆਪਣੀ ਸਾਰੀ ਊਰਜਾ, ਪ੍ਰੋਟੀਨ ਅਤੇ ਲੈਕਟੋਜ਼ ਦੁੱਧ ਬਣਾਉਣ ਵਿੱਚ ਵਰਤ ਲੈਂਦਿਆਂ ਹਨ। ਜਿਸ ਨਾਲ ਉਹਨਾਂ ਨੂੰ ਮੈਟਾਬੋਲਿਕ ਰੋਗ ਹੋ ਸਕਦੇ ਹਨ। ਪਰ ਇਹ ਸਮੱਸਿਆਵਾਂ ਵਧੀਆ ਖ਼ੁਰਾਕ ਅਤੇ ਸੰਭਾਲ ਨਾਲ ਘਟਾਈਆਂ ਜਾ ਸਕਦੀਆਂ ਹਨ । ਦੁੱਧ ਦੇ ਸ਼ੁਰੂਆਤੀ ਸਮੇਂ ਦੌਰਾਨ ਗਾਂ ਨੂੰ ਪੂਰੀ ਤਰਾਂ ਊਰਜਾ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਜੋ ਉਹ ਸਰੀਰਕ ਤੌਰ ਤੇ ਸਿਹਤਮੰਦ ਰਹੇ ਅਤੇ ਦੁੱਧ ਵੀ ਵਧੀਆ ਦੇ ਸਕੇ।
ਜਿਵੇਂ ਹੀ ਗਾਂ ਬੱਚਾ ਦਿੰਦੀ ਹੈ, ਉਸਦਾ ਸਰੀਰ ਦੁੱਧ ਬਣਾਉਣ ਲਈ ਬਹੁਤ ਜ਼ਿਆਦਾ ਊਰਜਾ ਮੰਗਣ ਲੱਗ ਪੈਂਦਾ ਹੈ। ਇਸ ਸਮੇਂ ਗਾਂ ਖ਼ੁਰਾਕ ਘੱਟ ਖਾਂਦੀ ਹੈ, ਜਿਸ ਕਰਕੇ ਉਸਦੇ ਸਰੀਰ ਨੂੰ ਲੋੜੀਂਦੀ ਊਰਜਾ ਨਹੀਂ ਮਿਲਦੀ। ਇਸਨੂੰ ਨਕਾਰਾਤਮਕ ਊਰਜਾ ਸੰਤੁਲਨ (Negative Energy Balance) ਕਿਹਾ ਜਾਂਦਾ ਹੈ, ਜੋ ਦੁੱਧ ਦੇਣ ਦੇ ਸ਼ੁਰੂਆਤੀ ਸਮੇਂ ਇੱਕ ਆਮ ਸਮੱਸਿਆ ਹੈ।
ਇਸ ਹਾਲਤ ਵਿੱਚ ਗਾਂ ਆਪਣੇ ਸਰੀਰ ਦੀ ਫੈਟ ਨੂੰ ਘਟਾ ਕੇ ਊਰਜਾ ਲੈਂਦੀ ਹੈ। ਉਸ ਦੀ ਕਿੰਨੀ ਫੈਟ ਘਟੇਗੀ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਗਾਂ ਕਿੰਨਾ ਖਾਂਦੀ ਹੈ, ਖ਼ੁਰਾਕ ਵਿੱਚ ਕਿੰਨੀ ਊਰਜਾ ਹੈ, ਤੇ ਉਹ ਕਿੰਨਾ ਦੁੱਧ ਦੇ ਰਹੀ ਹੈ। ਜੇ ਇਹ ਨਕਾਰਾਤਮਕ ਊਰਜਾ ਸੰਤੁਲਨ ਲੰਮੇ ਸਮੇਂ ਤੱਕ ਚੱਲੇ, ਤਾਂ ਗਾਂ ਦੀ ਸਿਹਤ, ਉਸ ਦੀ ਪ੍ਰਜਨਨ ਸਮਰੱਥਾ (ਬੱਚਾ ਦੇਣ ਦੀ ਸਮਰੱਥਾ) ਅਤੇ ਦੁੱਧ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ।
ਜਦੋਂ ਗਾਂ ਦੀ ਖ਼ੁਰਾਕ ਵਿੱਚ ਊਰਜਾ ਘੱਟ ਹੋਵੇ (ਨਕਾਰਾਤਮਕ ਊਰਜਾ ਸੰਤੁਲਨ), ਤਾਂ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਆਪਣੀ ਸਰੀਰਕ ਫੈਟ ਨੂੰ ਵਰਤ ਕੇ (fat mobilization ਜਾਂ lipolysis) ਦੁੱਧ ਬਣਾਉਣ ਲਈ ਊਰਜਾ ਲੈਂਦੀਆਂ ਹਨ। ਇਸ ਕਾਰਨ, ਲੈਕਟੇਸ਼ਨ ਦੀ ਸ਼ੁਰੂਆਤ ਵਿੱਚ ਉਹਨਾਂ ਦਾ 10% ਜਾਂ ਇਸ ਤੋਂ ਵੱਧ ਵਜ਼ਨ ਘੱਟ ਸਕਦਾ ਹੈ।
ਇਹ ਸਮੱਸਿਆ ਪਿਛਲੇ ਕੁੱਝ ਦਹਾਕਿਆਂ ਵਿੱਚ ਹੋਰ ਵੀ ਵੱਧ ਗਈ ਹੈ ਕਿਉਂਕਿ ਹੁਣ ਗਾਵਾਂ ਨੂੰ ਜਨਮ ਮਗਰੋਂ “ਜ਼ਿਆਦਾ ਦੁੱਧ ਦੇਣ ਵਾਲੀਆਂ” ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਗਾਵਾਂ ਦਾ ਜਨਮ ਵੇਲੇ ਸਰੀਰਕ ਹਾਲਤ ਸਕੋਰ (Body Condition Score) ਵੱਧ ਹੁੰਦਾ ਹੈ, ਉਹ ਫੈਟ ਹੋਰ ਤੇਜ਼ੀ ਨਾਲ ਘਟਾਉਂਦਿਆਂ ਹਨ ਤੇ ਬੱਚਾ ਹੋਣ ਤੋਂ ਬਾਅਦ ਵਜ਼ਨ ਵੀ ਜ਼ਿਆਦਾ ਤੇਜ਼ੀ ਨਾਲ ਘਟਾਉਂਦੀਆਂ ਹਨ।
ਕਈ ਵਾਰ ਕੁੱਝ ਗਾਂਵਾਂ ਦਾ ਹੋਰਾਂ ਨਾਲੋਂ ਵੱਧ ਵਜ਼ਨ ਘੱਟ ਜਾਂਦਾ ਹੈ, ਜਿਸ ਨੂੰ ਇੱਕ ਜਨੈਟਿਕ ਲੱਛਣ ਵੀ ਮੰਨਿਆ ਜਾਂਦਾ ਹੈ, ਜੋ ਕਿ ਗਾਂ ਦੀ ਉਮਰ ਅਤੇ ਬੱਚੇ ਦੇਣ ਦੀ ਗਿਣਤੀ ਵਧਣ ਨਾਲ ਹੋਰ ਠੋਸ ਹੋ ਜਾਂਦਾ ਹੈ। ਇਸ ਨੂੰ “ਪੈਰਟੀ” ਕਿਹਾ ਜਾਂਦਾ ਹੈ — ਜਿਸਦਾ ਅਰਥ ਹੈ ਕਿ ਗਾਂ ਨੇ ਕਿੰਨੀ ਵਾਰ ਬੱਚਾ ਦਿੱਤਾ ਹੈ। ਜਿਵੇਂ ਜਿਵੇਂ ਪੈਰਟੀ ਵਧਦੀ ਹੈ (ਉਦਾਹਰਨ ਵਜੋਂ ਤੀਜੀ ਜਾਂ ਚੌਥੀ ਲੈਕਟੇਸ਼ਨ), ਇਹ ਪ੍ਰਭਾਵ ਹੋਰ ਜ਼ਿਆਦਾ ਦਿਖਾਈ ਦੇ ਸਕਦੇ ਹਨ।
ਕਈ ਲੈਕਟੇਸ਼ਨਾਂ ਤੱਕ ਗਾਵਾਂ ਨੂੰ ਤੰਦਰੁਸਤ ਰੱਖਣਾ ਤੁਹਾਡੀ ਡੇਅਰੀ ਫ਼ਾਰਮਿੰਗ ਦਾ ਇੱਕ ਮੁੱਖ ਹਿੱਸਾ ਹੈ। ਇਸ ਲਈ ਸ਼ੁਰੂਆਤੀ ਲੈਕਟੇਸ਼ਨ ਦੌਰਾਨ ਗਾਂ ਨੂੰ ਪੂਰੀ ਊਰਜਾ ਮਿਲਣਾ ਬਹੁਤ ਜ਼ਰੂਰੀ ਹੈ।
ਊਰਜਾ ਵਧਾਉਣ ਲਈ ਅਕਸਰ ਜ਼ਿਆਦਾ ਸਟਾਰਚ ਕੰਸਨਟਰੇਟਸ (Starch Concentrates) ਵਰਤੇ ਜਾਂਦੇ ਹਨ, ਪਰ ਇਹ ਜ਼ਿਆਦਾ ਹੋਣ ’ਤੇ ਰੂਮਨ ਐਸਿਡੋਸਿਸ (Rumen Acidosis) ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਚੰਗੀ ਊਰਜਾ ਦੇਣ ਵਾਲਾ ਵਿਕਲਪ – “ਬਾਈਪਾਸ ਫੈਟ” (Bypass fat) ਹੁੰਦਾ ਹੈ, ਜੋ ਰੂਮਨ ਦੇ ਕੰਮ ਵਿਚ ਰੁਕਾਵਟ ਨਹੀਂ ਪਾਉਂਦਾ।
ਬਾਈਪਾਸ ਫੈਟ ਆਮ ਫੈਟ ਤੋਂ ਵੱਖਰੇ ਹੁੰਦੇ ਹਨ। ਇਹ ਰੂਮਨ ਵਿੱਚ ਨਹੀਂ ਸਗੋਂ ਸਿੱਧਾ ਛੋਟੀਆਂ ਅੰਤੜੀਆਂ (small intestine) ਵਿੱਚ ਜਾ ਕੇ ਪਚਦੇ ਹਨ। ਇਹ ਆਮ ਤੌਰ ’ਤੇ ਪਾਲਮ ਤੇ ਰੇਪਸੀਡ ਆਇਲ ਤੋਂ ਬਣਾਏ ਜਾਂਦੇ ਹਨ। ਇਨ੍ਹਾਂ ਦੀ ਫੈਟ ਵਿੱਚ ਖਾਸ ਤੌਰ ‘ਤੇ ਪਾਲਮਿਟਿਕ ਐਸਿਡ (C16:0) ਅਤੇ ਸਟੀਅਰਿਕ ਐਸਿਡ (C18:0) ਹੁੰਦੇ ਹਨ।
ਹਾਲ ਹੀ ਦੀ ਖ਼ੋਜ (Shepardson and Harvatine, 2021) ਨੇ ਦੱਸਿਆ ਕਿ ਜਦੋਂ ਗਾਵਾਂ ਨੂੰ 2% ਬਾਈਪਾਸ ਫੈਟ ਵਾਲੀ ਖ਼ੁਰਾਕ ਦਿੱਤੀ ਗਈ, ਜਿਸ ਵਿੱਚ ਪਾਲਮਿਟਿਕ ਅਤੇ ਸਟੀਅਰਿਕ ਐਸਿਡ ਦਾ ਸੰਤੁਲਨ (45% ਤੇ 49%) ਸੀ, ਤਾਂ:
• ਰੋਜ਼ਾਨਾ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਇਆ,
• ਗਾਵਾਂ ਨੇ ਜ਼ਿਆਦਾ ਡ੍ਰਾਈ ਮੈਟਰ ਖਾਧਾ,
• ਅਤੇ ਖੂਨ ਵਿੱਚ ਸਰੀਰ ਦੀ ਫੈਟ ਘਟਣ ਵਾਲੇ ਲੱਛਣ (NEFA: ਨਾਨ-ਇਸਟਰੀਫਾਈਡ ਫੈਟੀ ਐਸਿਡ) ਵੀ ਘਟੇ।
ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਨਾਲ ਗਾਂ ਦੇ ਸਰੀਰ ਵਿੱਚ ਊਰਜਾ ਦੀ ਲੋੜ ਚੰਗੀ ਤਰ੍ਹਾਂ ਪੂਰੀ ਹੋਈ, ਅਤੇ ਉਸਦੀ ਸਿਹਤ ਵੀ ਠੀਕ ਰਹੀ।
Bradford ਅਤੇ Contreras (2024) ਨੇ ਆਪਣੀ ਖ਼ੋਜ ਵਿੱਚ ਦਰਸਾਇਆ ਕਿ ਗਾਵਾਂ ਜਦੋਂ ਫੈਟ ਘਟਾਉਂਦੀਆਂ ਹਨ (fat mobilisation), ਤਾਂ ਸਰੀਰ ਦੀ ਫੈਟ ਵਾਲੇ ਹਿੱਸਿਆਂ ਵਿੱਚ ਇਮਿਊਨ ਸੈੱਲ (immune cells) ਦੀ ਗਤੀਵਿਧੀ ਵੱਧ ਜਾਂਦੀ ਹੈ। ਇਹ ਦਰਸਾਉਂਦਾ ਹੈ ਕਿ ਇਹ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਸੋਜ (chronic inflammation) ਬਣ ਜਾਂਦੀ ਹੈ।
ਖਾਸ ਤੌਰ ‘ਤੇ T ਲਿੰਫੋਸਾਈਟਸ (T-lymphocytes) – ਜੋ ਫੈਟ ਘਟਣ ਸਮੇਂ ਵਧਦੇ ਹਨ – ਗਾਂ ਦੇ ਸਰੀਰ ਵਿੱਚ ਅਗਲੀ ਲੈਕਟੇਸ਼ਨ ਤੱਕ ਬਣੇ ਰਹਿੰਦੇ ਹਨ। ਇਸ ਨਾਲ ਹਰ ਇੱਕ ਲੈਕਟੇਸ਼ਨ ਚੱਕਰ ਵਿੱਚ ਸੋਜ ਹੋਰ ਵੀ ਵੱਧ ਜਾਂਦੀ ਹੈ। ਗਾਂ ਦੀ ਚੌਥੀ ਲੈਕਟੇਸ਼ਨ ਤੱਕ ਇਹ ਸੋਜ ਸੈੱਲ ਇੰਨੇ ਵੱਧ ਜਾਂਦੇ ਹਨ ਕਿ ਇਹ ਸਿੱਧਾ ਗਾਂ ਦੀ ਮੈਟਾਬੋਲਿਕ ਸਿਹਤ ਤੇ ਪ੍ਰਜਨਨ ਸਮਰੱਥਾ 'ਤੇ ਅਸਰ ਪਾਉਂਦੇ ਹਨ।
ਇਸ ਲਈ, ਵੱਧ ਉਮਰ ਅਤੇ ਵੱਧ ਦੁੱਧ ਵਾਲੀਆਂ ਗਾਵਾਂ ਵਿੱਚ ਅਕਸਰ:
• ਇੰਫੈਕਸ਼ਨ ਵੱਧ ਹੋਣ,
• ਮੈਟਾਬੋਲਿਕ ਰੋਗ (ਜਿਵੇਂ ਕੀਟੋਸਿਸ),
• ਅਤੇ ਬੰਜਪਨ (infertility) ਆਦਿ ਦੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ, ਖ਼ਾਸ ਕਰਕੇ ਜਦੋਂ ਉਨ੍ਹਾਂ ਵਿੱਚ ਨਕਾਰਤਮਕ ਊਰਜਾ ਸੰਤੁਲਨ ਜ਼ਿਆਦਾ ਹੋਵੇ ਅਤੇ ਸਰੀਰਕ ਹਾਲਤ ਸਕੋਰ (Body Condition Score) ਜ਼ਿਆਦਾ ਤੇਜ਼ੀ ਨਾਲ ਘਟੇ।
ਬਾਹਰੀ ਕਾਰਣਾਂ, ਜਿਵੇਂ ਕਿ ਮੌਸਮ ਵਿੱਚ ਬਦਲਾਅ ਆਦਿ ਨਾਲ ਗਾਵਾਂ ਵਿੱਚ ਮੈਟਾਬੋਲਿਕ ਤਣਾਅ (stress) ਅਤੇ ਸਰੀਰ ਵਿੱਚ ਸੋਜ (inflammation) ਹੋਰ ਵੱਧ ਸਕਦੀ ਹੈ। ਆਕਸੀਡੇਟਿਵ ਤਣਾਅ (Oxidative stress) ਵੀ ਸੋਜ ਵਾਲੀਆਂ ਬਿਮਾਰੀਆਂ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ ਅਤੇ ਇਹ ਕਈ ਰੋਗਾਂ ਦੇ ਪੈਦਾ ਹੋਣ ਵਿੱਚ ਭੂਮਿਕਾ ਨਿਭਾਉਂਦਾ ਹੈ।
ਗਾਵਾਂ ਦੇ ਥਣਾਂ ਵਿੱਚ ਸੋਜ (inflammatory udder conditions) ਸਮੇਂ, ਖੂਨ ਵਿੱਚ ਵਿਟਾਮਿਨ C (ascorbic acid) ਦੀ ਮਾਤਰਾ ਘੱਟ ਜਾਂਦੀ ਹੈ। ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਜੇ ਖ਼ੁਰਾਕ ਵਿੱਚ ਐਂਟੀਆਕਸਿਡੈਂਟ ਜਿਵੇਂ ਵਿਟਾਮਿਨ C ਸ਼ਾਮਿਲ ਕੀਤਾ ਜਾਵੇ, ਤਾਂ ਸੋਜ ਦੇ ਖ਼ਤਰੇ ਨੂੰ ਬੇਹਤਰ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ।
ਇਸੇ ਤਰ੍ਹਾਂ, ਵਿਟਾਮਿਨ E ਉੱਤੇ ਹੋਈ ਖ਼ੋਜ ਵਿੱਚ ਵੀ ਇਹ ਨਤੀਜਾ ਕੱਢਿਆ ਗਿਆ ਹੈ ਕਿ ਜੇ ਸੂਣ ਦੇ ਨੇੜੇ (periparturient period) ਗਾਵਾਂ ਨੂੰ ਉੱਚ ਮਾਤਰਾ ਵਿੱਚ ਵਿਟਾਮਿਨ E ਦਿੱਤਾ ਜਾਵੇ, ਤਾਂ ਉਨ੍ਹਾਂ ਦੀ ਇਮਿਊਨ ਸਮਰੱਥਾ (immune competence) ਵੱਧ ਜਾਂਦੀ ਹੈ।
ਲੈਕਟੇਸ਼ਨ ਦੀ ਸ਼ੁਰੂਆਤ ਵਿੱਚ ਗਾਵਾਂ ਨੂੰ ਨਕਾਰਤਮਕ ਊਰਜਾ ਸੰਤੁਲਨ ਅਤੇ ਸਰੀਰਕ ਫੈਟ ਦੇ ਤੇਜ਼ੀ ਨਾਲ ਘਟਣ ਨਾਲ ਮੈਟਾਬੋਲਿਕ ਅਤੇ ਸੋਜ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਹ ਉਹਨਾਂ ਦੀ ਸਿਹਤ, ਦੁੱਧ ਉਤਪਾਦਨ ਅਤੇ ਪ੍ਰਜਨਨ ਸਮਰੱਥਾ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ। ਠੀਕ ਖ਼ੁਰਾਕ ਯੋਜਨਾ, ਬਾਈਪਾਸ ਫੈਟ, ਐਂਟੀਆਕਸਿਡੈਂਟ ਅਤੇ ਕੁਦਰਤੀ ਤੱਤਾਂ ਦੀ ਵਰਤੋਂ ਨਾਲ ਸਿਹਤ, ਉਤਪਾਦਨ ਅਤੇ ਪ੍ਰਜਨਨ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।