ਪਸ਼ੂਆਂ ਨੂੰ ਰੋਗਾਂ ਤੋਂ ਬਚਾਉਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਪਰ ਟੀਕਾ ਲਗਾਉਣ ਨਾਲ ਹੀ ਕੰਮ ਖ਼ਤਮ ਨਹੀਂ ਹੋ ਜਾਂਦਾ – ਇਹ ਓਦੋਂ ਹੀ ਫਾਇਦੇਮੰਦ ਹੁੰਦਾ ਹੈ ਜਦੋਂ ਟੀਕਾ, ਪਸ਼ੂ ਅਤੇ ਲਗਾਉਣ ਵਾਲਾ ਵਿਅਕਤੀ – ਤਿੰਨੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹੋਣ। ਕਈ ਵਾਰੀ ਟੀਕਾ ਲੱਗਣ ਦੇ ਬਾਵਜੂਦ ਵੀ ਪਸ਼ੂ ਬਿਮਾਰ ਹੋ ਜਾਂਦੇ ਹਨ, ਜਿਸ ਦਾ ਮਤਲਬ ਹੈ ਕਿ ਟੀਕੇ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ।
MAY 2025
TEAM DAIRY GUARDIAN
ਟੀਕਾ ਅਸਰ ਨਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ, ਪਰ ਅੰਤ ਵਿੱਚ ਇਹ ਸਾਡੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਚੀਜ਼ ਸਹੀ ਤਰੀਕੇ ਨਾਲ ਕੀਤੀ ਜਾਵੇ। ਪਰ ਫਿਰ ਵੀ ਕਈ ਵਾਰ ਅਸੀਂ ਕੁਝ ਵੱਡੀਆਂ ਗਲਤੀਆਂ ਕਰ ਜਾਂਦੇ ਹਾਂ:
1. ਗ਼ਲਤ ਮਾਤਰਾ ਦੇਣਾ – ਟੀਕੇ ਦੀ ਸਹੀ ਮਾਤਰਾ ਦੇਣੀ ਬਹੁਤ ਜ਼ਰੂਰੀ ਹੈ। ਹਮੇਸ਼ਾ ਲੇਬਲ 'ਤੇ ਦਿੱਤੀਆਂ ਹਦਾਇਤਾਂ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੀ ਪਾਲਣਾ ਕਰੋ।
2. ਬੂਸਟਰ ਦਾ ਗ਼ਲਤ ਸਮਾਂ – ਪਹਿਲੀ ਵਾਰ ਟੀਕਾ ਲਗਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ ਉਸ ਦਾ ਬੂਸਟਰ ਸਹੀ ਸਮੇਂ 'ਤੇ ਲਗਾ ਸਕਦੇ ਹੋ। ਬਹੁਤ ਸਾਰੇ ਟੀਕੇ ਪਹਿਲੀ ਡੋਜ਼ ਤੋਂ 2-3 ਹਫ਼ਤੇ ਬਾਅਦ ਬੂਸਟਰ ਮੰਗਦੇ ਹਨ। ਇਸ ਲਈ ਲੇਬਲ ਚੰਗੀ ਤਰ੍ਹਾਂ ਪੜ੍ਹਨਾ ਬਹੁਤ ਜ਼ਰੂਰੀ ਹੈ।
3. ਪਸ਼ੂ ਦੇ ਸਰੀਰ ਵਿੱਚ ਗ਼ਲਤ ਥਾਂ 'ਤੇ ਟੀਕਾ ਲਗਾਉਣਾ – ਕੁਝ ਟੀਕੇ ਮਾਸ ਵਿੱਚ ਲਗਾਏ ਜਾਂਦੇ ਹਨ ਅਤੇ ਕੁੱਝ ਚਮੜੀ ਹੇਠਾਂ। ਇਹ ਵੀ ਲੇਬਲ ਵਿੱਚ ਸਾਫ਼ ਦਰਸਾਇਆ ਜਾਂਦਾ ਹੈ, ਇਸ ਲਈ ਹਮੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ।
ਪਸ਼ੂ ਵੀ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇਕਰ ਪਸ਼ੂ ਕਮਜ਼ੋਰ ਹੋਣ, ਬੀਮਾਰ ਹੋਣ ਜਾਂ ਦਬਾਅ ਹੇਠ ਹੋਣ, ਤਾਂ ਉਹ ਟੀਕੇ ਨਾਲ ਚਾਹੀਦੀ ਰੋਧਕ ਸ਼ਕਤੀ (immunity) ਵਿਕਸਿਤ ਨਹੀਂ ਕਰ ਪਾਉਂਦੇ। ਜੇਕਰ ਪਸ਼ੂ ਦੀ ਖ਼ੁਰਾਕ ਪੂਰੀ ਨਹੀਂ ਹੋ ਰਹੀ ਜਾਂ ਉਸ ਦੀ ਖ਼ੁਰਾਕ ਸਰੀਰ ਦੇ ਹੋਰ ਕੰਮਾਂ ਵਿੱਚ ਲੱਗ ਰਹੀ ਹੈ, ਤਾਂ ਵੀ ਟੀਕੇ ਦੀ ਪ੍ਰਭਾਵਸ਼ੀਲਤਾ ਘੱਟ ਜਾਂਦੀ ਹੈ।
ਨਵੇਂ ਜੰਮੇ ਬੱਚੇ, ਜਿਨ੍ਹਾਂ ਵਿੱਚ ਮਾਂ ਤੋਂ ਮਿਲੀ ਹੋਈ ਇਮਿਊਨਿਟੀ ਅਜੇ ਵੀ ਮੌਜ਼ੂਦ ਹੋਵੇ, ਉਹ ਵੀ ਕਈ ਵਾਰ ਲੰਬੇ ਸਮੇਂ ਦੀ ਰੋਧਕ ਸ਼ਕਤੀ ਵਿਕਸਿਤ ਨਹੀਂ ਕਰਦੇ। ਆਪਣੇ ਇਲਾਕੇ ਦੇ ਵੈਟਰਨਰੀ ਡਾਕਟਰ ਨਾਲ ਮਿਲ ਕੇ ਪਸ਼ੂਆਂ ਲਈ ਟੀਕਾਕਰਨ ਦਾ ਸ਼ਡਿਊਲ ਬਣਵਾਓ।
ਟੀਕਾ ਆਪਣੇ ਆਪ ਵਿੱਚ ਵੀ ਬਹੁਤ ਮਹੱਤਵ ਰੱਖਦਾ ਹੈ। ਟੀਕਿਆਂ ਨੂੰ ਸਹੀ ਤਾਪਮਾਨ 'ਤੇ ਸੰਭਾਲਣਾ ਲਾਜ਼ਮੀ ਹੈ। ਟੀਕਿਆਂ ਵਾਲੀ ਫ਼ਰਿੱਜ, 1.6°C – 7.2°C ਤੱਕ ਸਥਿਰ ਤਾਪਮਾਨ ਰੱਖੇ – ਇਹ ਜ਼ਰੂਰੀ ਹੈ। ਟੀਕਾ ਨਾ ਤਾ ਬਹੁਤ ਗਰਮ ਹੋਣਾ ਚਾਹੀਦਾ ਹੈ, ਨਾ ਹੀ ਜੰਮਣ ਵਾਲੇ ਤਾਪਮਾਨ 'ਤੇ ਰੱਖਣਾ ਚਾਹੀਦਾ ਹੈ।
ਲੋੜ ਤੋਂ ਵੱਧ ਟੀਕਾ ਸਟੋਰ ਨਾ ਕਰੋ। ਇੱਕ ਵਾਰੀ ਢੱਕਣ ਖੋਲ੍ਹਣ ਤੋਂ ਬਾਅਦ ਉਸਨੂੰ ਤੁਰੰਤ ਵਰਤੋ, ਜੋ ਬਚ ਜਾਵੇ ਉਹ ਸੁੱਟ ਦਿਓ। ਟੀਕਾ ਕਦੇ ਵੀ ਉਸ ਦੀ ਮਿਆਦ ਪੁੱਗਣ ਤੋਂ ਬਾਅਦ ਨਾ ਵਰਤਿਆ ਜਾਵੇ – ਐਕਸਪਾਇਰ ਟੀਕਾ ਪਸ਼ੂ ਵਿੱਚ ਰੋਧਕ ਸ਼ਕਤੀ ਨਹੀਂ ਬਣਾਉਂਦਾ।
ਟੀਕਾ ਸਹੀ ਤਰੀਕੇ ਨਾਲ ਕੰਮ ਕਰੇ, ਇਸ ਲਈ ਡਿਵਾਰਮਿੰਗ (Deworming) ਵੀ ਬਹੁਤ ਜ਼ਰੂਰੀ ਹੈ।
ਸਾਰ ਸੰਦੇਸ਼ ਇਹ ਹੈ ਕਿ ਹਮੇਸ਼ਾ ਲੇਬਲ ਦੀਆਂ ਹਦਾਇਤਾਂ ਧਿਆਨ ਨਾਲ ਪੜ੍ਹੋ। ਟੀਕਾ ਸਹੀ ਤਰੀਕੇ ਨਾਲ ਸਟੋਰ ਕਰੋ, ਸਹੀ ਸਮੇਂ ਤੇ ਲਗਾਓ, ਅਤੇ ਆਪਣੇ ਪਸ਼ੂਆਂ ਦੀ ਸੰਭਾਲ ਚੰਗੀ ਪ੍ਰਬੰਧਨ ਪ੍ਰਣਾਲੀ ਅਨੁਸਾਰ ਕਰੋ, ਤਾਂ ਜੋ ਰੋਗਾਂ ਤੋਂ ਬਚਿਆ ਜਾ ਸਕੇ।
ਟੀਕਾਕਰਨ ਲਈ ਹਦਾਇਤਾਂ
1 ਕਿਸ ਰੋਗ ਤੋਂ ਬਚਾਅ ਕਰਨਾ ਹੈ, ਪਹਿਲਾਂ ਇਸ ਦਾ ਪਤਾ ਲਗਾਓ।
2 ਸਭ ਤੋਂ ਪ੍ਰਭਾਵਸ਼ਾਲੀ ਟੀਕੇ ਦੀ ਚੋਣ ਕਰੋ।
3 ਟੀਕੇ ਨੂੰ ਗਰਮੀ ਜਾਂ ਸੂਰਜ ਦੀ ਸਿੱਧੀ ਰੋਸ਼ਨੀ (UV ਲਾਈਟ) ਤੋਂ ਬਚਾਓ।
4 ਬੋਤਲ ਵਿੱਚੋਂ ਟੀਕਾ ਨਵੀਂ ਸੂਈ ਨਾਲ ਹੀ ਭਰੋ।
5 ਵਧੀਆ ਗੁਣਵੱਤਾ ਵਾਲੀਆਂ ਸਰਿੰਜਾਂ ਵਰਤੋ।
6 ਸਾਰੇ ਉਪਕਰਨਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਦੀ ਸਹੀ ਸੰਭਾਲ ਕਰੋ।
7 ਸਹੀ ਮਾਤਰਾ (ਡੋਜ਼) ਲਗਾਓ।
8 ਸਹੀ ਨਾਪ ਦੀ ਸੂਈ ਵਰਤੋ।
9 ਸਹੀ ਤਰੀਕੇ ਨਾਲ ਟੀਕਾ ਲਗਾਓ (ਉਦਾਹਰਣ ਵਜੋਂ: ਮਾਸ ਵਿੱਚ – IM ਜਾਂ ਚਮੜੀ ਹੇਠਾਂ – SubQ)
10 ਟੀਕਾ ਸਹੀ ਥਾਂ ਲਗਾਓ (ਉਦਾਹਰਣ: ਗਲੇ ਵਾਲੇ ਹਿੱਸੇ ਵਿੱਚ)।
11 ਸੂਈਆਂ ਨੂੰ ਵਾਰ-ਵਾਰ ਬਦਲੋ ਤਾਂ ਜੋ ਪਸ਼ੂ ਦੀ ਚਮੜੀ ਨੂੰ ਨੁਕਸਾਨ ਨਾ ਹੋਵੇ।
12 ਹਮੇਸ਼ਾ ਲੇਬਲ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
13 ਜਿੱਥੇ ਲੇਬਲ ਕਹੇ, ਉਥੇ ਬੂਸਟਰ ਲਗਾਉਣਾ ਨਾ ਭੁੱਲੋ।
14 ਟੀਕਾ ਲਗਾਉਣ ਤੋਂ ਪਹਿਲਾਂ ਹਦਾਇਤਾਂ ਪੂਰੀਆਂ ਪੜ੍ਹੋ।
ਕਦੇ ਵੀ ਇਹ ਨਾ ਕਰੋ
1 ਟੀਕਾ ਸਿੱਧੀ ਧੁੱਪ ਜਾਂ UV ਲਾਈਟ ਵਿੱਚ ਨਾ ਛੱਡੋ।
2 ਟੀਕਾ ਫ਼ਰਿੱਜ ਤੋਂ ਬਾਹਰ ਨਾ ਰੱਖੋ।
3 ਵਰਤੀ ਹੋਈ ਸੂਈ ਨੂੰ ਟੀਕੇ ਵਾਲੀ ਬੋਤਲ ਵਿੱਚ ਦੁਬਾਰਾ ਨਾ ਪਾਓ।
4 ਟੀਕਾ ਕਦੇ ਵੀ ਪਿੱਠ ਵਿੱਚ ਨਾ ਲਗਾਓ।
5 ਆਪਣੀ ਮਰਜ਼ੀ ਨਾਲ ਨਾ ਚੱਲੋ – ਹਮੇਸ਼ਾ ਲੇਬਲ ਦੇ ਨਿਰਦੇਸ਼ ਪੜ੍ਹੋ।