ਪੰਜਾਬ ਵਿੱਚ ਮੌਸਮ ਕਾਫ਼ੀ ਗਰਮ ਅਤੇ ਨਮੀ ਵਾਲਾ ਹੋ ਜਾਂਦਾ ਹੈ, ਜਿਸ ਕਾਰਨ ਹਰ ਸਾਲ ਪੰਜ ਮਹੀਨੇ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਦੁੱਧ ਦੇਣ ਵਾਲੀਆਂ ਗਾਂਵਾਂ ਦੀ ਉਤਪਾਦਕਤਾ ਘੱਟ ਜਾਂਦੀ ਹੈ। ਜੋ ਤੁਹਾਡੇ ਡੇਅਰੀ ਫਾਰਮ ਲਈ ਬਹੁਤ ਮਹਿੰਗਾ ਸਾਬਤ ਹੁੰਦਾ ਹੈ। ਜੇਕਰ ਤੁਸੀਂ ਗਰਮੀ ਦੇ ਤਣਾਅ ਨਾਲ ਠੀਕ ਢੰਗ ਨਾਲ ਨਜਿੱਠਦੇ ਹੋ ਤਾਂ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਇਹ ਲੇਖ ਖ਼ੁਰਾਕ ਵਿੱਚ ਉਹਨਾਂ ਤਬਦੀਲੀਆਂ ਦੀ ਗੱਲ ਕਰਦਾ ਹੈ ਜੋ ਗਰਮ ਮੌਸਮ ਦੌਰਾਨ ਗਾਂਵਾਂ 'ਤੇ ਹੋਣ ਵਾਲੇ ਤਣਾਅ ਨੂੰ ਘਟਾ ਕੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ।
Photo Credit: Hubbard
MAY 2025
TEAM DAIRY GUARDIAN
ਹੀਟ ਸਟ੍ਰੈੱਸ ਕੀ ਹੁੰਦਾ ਹੈ?
ਹੀਟ ਸਟ੍ਰੈੱਸ ਜਾਂ ਗਰਮੀ ਦਾ ਤਣਾਅ ਗਾਂਵਾਂ ਵਿੱਚ ਮੁੱਖ ਤੌਰ 'ਤੇ ਉੱਚ ਤਾਪਮਾਨ ਅਤੇ ਵੱਧ ਨਮੀ ਵਾਲੇ ਮਾਹੌਲ ਕਾਰਨ ਹੁੰਦਾ ਹੈ। ਨਾਲ ਹੀ, ਜੇ ਗਾਂਵਾਂ ਨੂੰ ਠੰਢੀ ਛਾਂ ਨਾ ਮਿਲੇ ਤਾਂ ਸੂਰਜ ਦੀ ਰੋਸ਼ਨੀ ਤੋਂ ਆਉਣ ਵਾਲੀ ਤਪਸ਼ ਵੀ ਤਣਾਅ ਵਧਾਉਂਦੀ ਹੈ। ਜਿਵੇਂ ਜਿਵੇਂ ਤਾਪਮਾਨ ਵਧਦਾ ਹੈ, ਗਾਂ ਦੇ ਸਰੀਰ ਅਤੇ ਵਾਤਾਵਰਨ ਦੇ ਵਿਚਕਾਰ ਤਾਪਮਾਨ ਦਾ ਅੰਤਰ ਘੱਟ ਜਾਂਦਾ ਹੈ, ਜਿਸ ਕਾਰਨ ਗਾਂ ਨੂੰ ਆਪਣੇ ਸਰੀਰ ਨੂੰ ਠੰਢਾ ਕਰਨ ਲਈ ਪਸੀਨੇ ਅਤੇ ਸਾਹ ਲੈਣ ਰਾਹੀਂ ਠੰਡ ਪਾਉਣ 'ਤੇ ਵਧੇਰੇ ਨਿਰਭਰ ਕਰਨਾ ਪੈਂਦਾ ਹੈ। ਪਰ, ਜਦੋਂ ਹਵਾ ਵਿੱਚ ਨਮੀ ਵੱਧ ਹੁੰਦੀ ਹੈ ਤਾਂ ਇਹ ਢੰਗ ਅਸਰਦਾਰ ਨਹੀਂ ਰਹਿੰਦੇ, ਅਤੇ ਗਰਮੀਆਂ ਦੇ ਨਮੀ ਵਾਲੇ ਮੌਸਮ ਵਿੱਚ ਗਾਂ ਆਪਣੀ ਸਰੀਰਕ ਗਰਮੀ ਠੀਕ ਢੰਗ ਨਾਲ ਬਾਹਰ ਨਹੀਂ ਕੱਢ ਸਕਦੀ, ਜਿਸ ਕਾਰਨ ਉਸਦਾ ਸਰੀਰਕ ਤਾਪਮਾਨ ਵੱਧ ਜਾਂਦਾ ਹੈ । ਉੱਚ ਦੁੱਧ ਉਤਪਾਦਨ ਵਾਲੀਆਂ ਗਾਂਵਾਂ ਆਪਣੇ ਸਰੀਰ ਵਿੱਚ ਵੱਧ ਗਰਮੀ ਪੈਦਾ ਕਰਦੀਆਂ ਹਨ—ਇਹ ਗਰਮੀ ਠੰਢੇ ਮੌਸਮ ਵਿੱਚ ਲਾਭਕਾਰੀ ਹੁੰਦੀ ਹੈ, ਪਰ ਗਰਮ ਮੌਸਮ ਵਿੱਚ ਇਹ ਗੰਭੀਰ ਮੁਸ਼ਕਿਲ ਬਣ ਜਾਂਦੀ ਹੈ।
ਗਰਮ ਅਤੇ ਨਮੀ ਵਾਲਾ ਮੌਸਮ ਡੇਅਰੀ ਕਿਸਾਨ ਲਈ ਕਈ ਕਰਨਾ ਕਰਕੇ ਮਹਿੰਗਾ ਸਾਬਤ ਹੋ ਸਕਦਾ ਹੈ। ਦੁੱਧ ਦੀ ਪੈਦਾਵਾਰ ਵਿੱਚ 15% ਤੋਂ 40% ਤੱਕ ਦੀ ਕਟੌਤ ਦੇ ਇਲਾਵਾ, ਗਾਂਵਾਂ ਦੇ ਦੁੱਧ ਵਿੱਚ ਫੈਟ ਵੀ ਘੱਟ ਹੋ ਜਾਂਦੀ ਹੈ। ਗੱਭਣ ਹੋਣ ਦੀ ਦਰ ਵੀ ਘੱਟ ਜਾਂਦੀ ਹੈ, ਅਤੇ ਗਰਮੀ ਦੇ ਮੌਸਮ ਵਿੱਚ ਬੀਮਾਰੀਆਂ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਇਸਦੇ ਨਾਲ ਹੀ, ਗਾਂ ਚਾਰਾ ਖਾਣਾ ਘੱਟ ਕਰ ਦਿੰਦੀ ਹੈ ਅਤੇ ਜੋ ਊਰਜਾ ਉਹ ਖ਼ੁਰਾਕ ਰਾਹੀਂ ਲੈਂਦੀ ਹੈ, ਉਹ ਵੀ ਦੁੱਧ ਬਣਾਉਣ ਲਈ ਸਹੀ ਢੰਗ ਨਾਲ ਨਹੀਂ ਵਰਤੀ ਜਾਂਦੀ।
ਡ੍ਰਾਈ ਗਾਵਾਂ ਤੇ ਵੀ ਗਰਮੀ ਦੇ ਤਣਾਅ ਦਾ ਨਕਾਰਤਮਕ ਪ੍ਰਭਾਵ ਪੈਂਦਾ ਹੈ। ਗਰਮੀ ਦੇ ਤਣਾਅ ਵਿੱਚ ਰਹੀਆਂ ਡ੍ਰਾਈ ਗਾਵਾਂ ਅਗਲੇ ਸੂਏ 500 ਤੋਂ 1500 ਲੀਟਰ ਤੱਕ ਘੱਟ ਦੁੱਧ ਦਿੰਦੀਆਂ ਹਨ। ਇਸ ਤੋਂ ਇਲਾਵਾ ਗਰਭ ਅਵਸਥਾ ਦੌਰਾਨ ਖੂਨ ਦੇ ਪ੍ਰਵਾਹ ਵਿੱਚ ਕਮੀ ਕਾਰਨ ਬੱਚੇ ਦਾ ਵਿਕਾਸ ਘੱਟ ਜਾਂਦਾ ਹੈ। ਇਹਨਾਂ ਪ੍ਰਭਾਵਾਂ ਦੇ ਨਤੀਜੇ ਵੱਜੋਂ ਗਰਮੀ ਦੇ ਤਣਾਅ ਵਿੱਚ ਰਹੀਆਂ ਡ੍ਰਾਈ ਗਾਵਾਂ ਵੱਲੋਂ ਛੋਟੇ ਬੱਚੇ ਪੈਦਾ ਹੁੰਦੇ ਹਨ। ਇਸ ਲਈ ਢੁੱਕਵੇਂ ਪ੍ਰਬੰਧਨ, ਸਹੂਲਤਾਂ ਅਤੇ ਫ਼ੀਡ ਵਿੱਚ ਤਬਦੀਲੀਆਂ ਡ੍ਰਾਈ ਗਾਵਾਂ ਨੂੰ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਜ਼ਰੂਰੀ ਹੁੰਦੀਆਂ ਹਨ।
ਹੀਟ ਸਟ੍ਰੈੱਸ ਦਾ ਮੁਕਾਬਲਾ ਕਰਨ ਲਈ ਕਈ ਤਰੀਕੇ ਉਪਲੱਬਧ ਹਨ, ਪਰ ਜੇ ਕਾਰਗੁਜ਼ਾਰੀ ਨੂੰ ਬਣਾਈ ਰੱਖਣਾ ਹੋਵੇ ਤਾਂ ਪ੍ਰਬੰਧਨ ਬਹੁਤ ਵਧੀਆ ਹੋਣਾ ਚਾਹੀਦਾ ਹੈ।
ਪਾਣੀ
ਗਾਵਾਂ ਦੀ ਸਿਹਤ ਅਤੇ ਦੁੱਧ ਦੀ ਪੈਦਾਵਾਰ ਬਰਕਰਾਰ ਰੱਖਣ ਲਈ ਪਾਣੀ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਤਾਪਮਾਨ ਵਧਣ ਨਾਲ ਗਾਵਾਂ ਦੀ ਪਾਣੀ ਦੀ ਲੋੜ ਵੀ ਵਧਦੀ ਹੈ ਇਸ ਲਈ ਤਾਜ਼ਾ ਅਤੇ ਸਾਫ਼ ਪਾਣੀ ਹਰ ਵੇਲੇ ਉਪਲੱਬਧ ਹੋਣਾ ਲਾਜ਼ਮੀ ਹੈ। ਪਾਣੀ ਦੀ ਖੇਲ਼ ਨੂੰ ਨਿਯਮਤ ਤੌਰ 'ਤੇ ਸਾਫ਼ ਕੀਤਾ ਜਾਣਾ ਚਾਹੀਦਾ ਹੈ ਅਤੇ ਖੇਲ਼ ਅਜਿਹੀ ਥਾਂ ਹੋਣੀ ਚਾਹੀਦੇ ਹੈ ਜਿਥੇ ਗਾਂ ਆਸਾਨੀ ਨਾਲ ਪਹੁੰਚ ਸਕੇ ਤਾਂ ਜੋ ਉਹ ਵੱਧ ਪਾਣੀ ਪੀ ਸਕੇ। ਖੋਜ ਦੱਸਦੀ ਹੈ ਕਿ ਠੰਡਾ ਪੀਣ ਵਾਲਾ ਪਾਣੀ ਗਾਂ ਦੇ ਸਰੀਰ ਨੂੰ ਵੀ ਠੰਡਾ ਕਰਦਾ ਹੈ ਅਤੇ ਉਸਦੀ ਖ਼ੁਰਾਕ ਖਾਣ ਦੀ ਰੁਚੀ (feed intake) ਵਿੱਚ ਸੁਧਾਰ ਕਰਦਾ ਹੈ। ਪਾਣੀ ਦੀ ਖੇਲ਼ ਨੂੰ ਛਾਂ ਵਿੱਚ ਰੱਖਣ ਨਾਲ ਦੁਪਹਿਰ ਦੇ ਸਮੇਂ ਗਾਂ ਪਾਣੀ ਪੀਣ ਵਾਸਤੇ ਉਤਸ਼ਾਹਿਤ ਹੁੰਦੀ ਹੈ ਅਤੇ ਪਾਣੀ ਵੀ ਠੰਡਾ ਰਹਿੰਦਾ ਹੈ।
ਊਰਜਾ
ਊਰਜਾ ਇੱਕ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ, ਖ਼ਾਸ ਕਰਕੇ ਗਰਮ ਮੌਸਮ ਦੌਰਾਨ, ਜਦੋਂ ਗਾਂ ਦੀ ਖ਼ੁਰਾਕ ਖਾਣ ਦੀ ਇੱਛਾ ਘੱਟ ਜਾਂਦੀ ਹੈ। ਦੁੱਧ ਦੇਣ ਵਾਲੀਆਂ ਗਾਵਾਂ ਦੀ ਖ਼ੁਰਾਕ ਵਿੱਚ ਆਮ ਤੌਰ 'ਤੇ ਊਰਜਾ ਸਭ ਤੋਂ ਵੱਧ ਘਾਟ ਪੈਣ ਵਾਲਾ ਤੱਤ ਹੁੰਦੀ ਹੈ, ਖ਼ਾਸ ਕਰਕੇ ਜਦੋਂ ਗਾਂ ਦੀ ਉਤਪਾਦਕਤਾ ਉੱਚੀ ਹੋਵੇ ਅਤੇ ਉਹ ਗਰਮੀ ਦੇ ਤਣਾਅ ਨਾਲ ਜੂਝ ਰਹੀ ਹੋਵੇ। ਇਸ ਲਈ, ਖ਼ੁਰਾਕ ਨੂੰ ਵੱਧ ਊਰਜਾ ਵਾਲੀ ਬਣਾਉਣਾ ਲਾਜ਼ਮੀ ਹੋ ਜਾਂਦਾ ਹੈ ਤਾਂ ਜੋ ਦੁੱਧ ਦੀ ਪੈਦਾਵਾਰ ਬਣੀ ਰਹੇ। ਖ਼ੁਰਾਕ ਵਿੱਚ ਊਰਜਾ ਵਧਾਉਣ ਲਈ ਕਨਸਨਟਰੇਟਸ ਵਧਾਏ ਜਾ ਸਕਦੇ ਹਨ ਅਤੇ ਤੂੜੀ ਜਾਂ ਚਾਰਾ ਘਟਾਇਆ ਜਾ ਸਕਦਾ ਹੈ। ਪਰ ਜੇ ਕਨਸਨਟਰੇਟਸ ਦੀ ਮਾਤਰਾ ਖ਼ੁਰਾਕ ਦੇ ਡ੍ਰਾਈ ਮੈਟਰ ਦੇ 55-60% ਤੋਂ ਵੱਧ ਹੋ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦੀ ਹੈ। ਇਸ ਨਾਲ ਪੋਸ਼ਣ ਦੀ ਵਰਤੋਂ ਘੱਟ ਜਾਂਦੀ ਹੈ, ਦੁੱਧ ਦੀ ਫੈਟ ਘੱਟ ਸਕਦੀ ਹੈ, ਐਸਿਡੋਸਿਸ ਹੋ ਸਕਦਾ ਹੈ, ਗਾਂ ਚਾਰਾ ਖਾਣਾ ਛੱਡ ਸਕਦੀ ਹੈ ਅਤੇ ਲੈਮੀਨਾਈਟਿਸ ਵੀ ਹੋ ਸਕਦੀ ਹੈ।
ਫੈਟ
ਫੈਟ ਸ਼ਾਮਲ ਕਰਨਾ ਖ਼ੁਰਾਕ ਵਿੱਚ ਊਰਜਾ ਵਧਾਉਣ ਦਾ ਇਕ ਬਹੁਤ ਵਧੀਆ ਢੰਗ ਹੈ, ਖ਼ਾਸ ਕਰਕੇ ਗਰਮੀਆਂ ਵਿੱਚ ਜਦੋਂ ਗਾਂ ਘੱਟ ਖਾਂਦੀ ਹੈ। ਫੈਟ ਵਿੱਚ ਊਰਜਾ ਵੱਧ ਹੁੰਦੀ ਹੈ (ਕਾਰਬੋਹਾਈਡਰੇਟ ਨਾਲੋਂ ਲਗਭਗ 2.25 ਗੁਣਾ), ਜੋ ਗਰਮੀ ਦੇ ਤਣਾਅ ਨੂੰ ਵੀ ਘਟਾ ਸਕਦੀ ਹੈ। ਖ਼ੁਰਾਕ ਵਿੱਚ ਫੈਟ ਸ਼ਾਮਲ ਕਰਨ ਨਾਲ ਅਕਸਰ ਦੁੱਧ ਦੀ ਫੈਟ ਵੀ 1 ਜਾਂ 2 ਅੰਕ ਵੱਧ ਜਾਂਦੀ ਹੈ। ਫੈਟ ਦੀ ਮਾਤਰਾ ਪੂਰੀ ਖ਼ੁਰਾਕ ਦੇ ਡ੍ਰਾਈ ਮੈਟਰ ਦੇ 5-6% ਤੋਂ ਵੱਧ ਨਹੀਂ ਹੋਣੀ ਚਾਹੀਦੀ। ਫੈਟ ਦੇ ਕੁੱਝ ਵਧੀਆ ਸਰੋਤ ਹਨ:
ਆਇਲ ਸੀਡਜ਼ (ਤੇਲ ਵਾਲੇ ਬੀਜ) ਜਿਵੇਂ ਕਿ ਕਾਟਨਸੀਡ ਜਾਂ ਸੋਯਾਬੀਨ – ਇਹ ਚੰਗੇ ਫੈਟ ਅਤੇ ਪ੍ਰੋਟੀਨ ਸਪਲੀਮੈਂਟ ਹਨ।
ਬਾਈਪਾਸ ਫੈਟ – ਇਹ ਖਾਸ ਤੌਰ 'ਤੇ ਬਣਾਏ ਜਾਂਦੇ ਫੈਟ ਦੇ ਸਰੋਤ ਹਨ ਜੋ ਰੂਮਨ ਵਿੱਚ ਅਕਰਸ਼ਕ (inactive) ਰਹਿੰਦੇ ਹਨ। ਜਦੋਂ ਗਾਂ ਦੀ ਦੁੱਧ ਦੀ ਪੈਦਾਵਾਰ ਬਹੁਤ ਉੱਚੀ ਹੋਵੇ ਅਤੇ ਆਮ ਤੇਲ ਨਾਲ ਊਰਜਾ ਨਾ ਮਿਲੇ ਤਾਂ ਇਹ ਵਰਤੇ ਜਾਂਦੇ ਹਨ।
ਇੱਕ ਆਮ ਨਿਯਮ ਇਹ ਹੈ ਕਿ ਜੇ ਖ਼ੁਰਾਕ ਵਿੱਚ ਫੈਟ ਵਧਾਈ ਜਾ ਰਹੀ ਹੋਵੇ ਤਾਂ ਉਸਦਾ ਇੱਕ ਹਿੱਸਾ ਕੁਦਰਤੀ ਚੀਜ਼ਾਂ ਤੋਂ, ਇੱਕ ਹਿੱਸਾ ਆਇਲਸੀਡ ਤੋਂ ਅਤੇ ਇੱਕ ਹਿੱਸਾ ਬਾਈਪਾਸ ਫੈਟ ਤੋਂ ਆਉਣਾ ਚਾਹੀਦਾ ਹੈ।
ਪ੍ਰੋਟੀਨ
ਗਰਮੀਆਂ ਵਿੱਚ ਜਦੋਂ ਗਾਂ ਦੀ ਖ਼ੁਰਾਕ ਖਾਣ ਦੀ ਰੂਚੀ ਘੱਟ ਜਾਂਦੀ ਹੈ, ਤਾਂ ਅਕਸਰ ਕ੍ਰੂਡ ਪ੍ਰੋਟੀਨ (crude protein) ਦੀ ਮਾਤਰਾ ਵਿੱਚ ਵਾਧਾ ਕਰਨਾ ਪੈਂਦਾ ਹੈ। ਪਰ ਸਿਰਫ਼ ਪ੍ਰਤੀਸ਼ਤ ਦੀ ਗਿਣਤੀ ਨਹੀਂ ਦੇਖਣੀ ਚਾਹੀਦੀ—ਜ਼ਰੂਰੀ ਗੱਲ ਇਹ ਹੈ ਕਿ ਗਾਂ ਨੂੰ ਹਰ ਰੋਜ਼ ਕਿੰਨਾ ਪ੍ਰੋਟੀਨ ਚਾਹੀਦਾ ਹੈ। ਇਸ ਗੱਲ ਦੀ ਸੰਭਾਲ ਕਰਨੀ ਲਾਜ਼ਮੀ ਹੈ ਕਿ ਗਾਂ ਨੂੰ ਲੋੜ ਮੁਤਾਬਕ ਪ੍ਰੋਟੀਨ ਮਿਲੇ। ਜੇ ਖ਼ੁਰਾਕ ਵਿੱਚ ਜ਼ਰੂਰਤ ਤੋਂ ਵੱਧ ਕ੍ਰੂਡ ਪ੍ਰੋਟੀਨ ਹੋਵੇ, ਤਾਂ ਗਾਂ ਨੂੰ ਇਹ ਹਾਜ਼ਮ ਕਰਨਾ ਪੈਂਦਾ ਹੈ ਅਤੇ ਬਾਅਦ ਵਿੱਚ ਪੇਸ਼ਾਬ ਰਾਹੀਂ ਕੱਢਣਾ ਪੈਂਦਾ ਹੈ। ਇਹ ਪ੍ਰਕਿਰਿਆ ਗਾਂ ਦੇ ਸਰੀਰ ਵਿੱਚ ਗਰਮੀ ਪੈਦਾ ਕਰਦੀ ਹੈ ਅਤੇ ਉਹ ਊਰਜਾ ਖ਼ਰਚ ਕਰਦੀ ਹੈ ਜੋ ਅਸਲ ਵਿੱਚ ਦੁੱਧ ਦੀ ਪੈਦਾਵਾਰ ਲਈ ਵਰਤੀ ਜਾ ਸਕਦੀ ਸੀ।
ਬਾਈਪਾਸ ਪ੍ਰੋਟੀਨ (bypass protein) ਉਨ੍ਹਾਂ ਗਾਂਵਾਂ ਲਈ ਲਾਭਕਾਰੀ ਸਾਬਤ ਹੁੰਦੀ ਹੈ ਜੋ ਹਰ ਰੋਜ਼ 30 ਕਿੱਲੋ ਤੋਂ ਵੱਧ ਦੁੱਧ ਦਿੰਦੀਆਂ ਹਨ। ਅਜਿਹੀਆਂ ਗਾਂਵਾਂ ਦੀ ਖ਼ੁਰਾਕ ਵਿੱਚ ਕ੍ਰੂਡ ਪ੍ਰੋਟੀਨ ਦਾ 36% ਤੋਂ 40% ਹਿੱਸਾ ਬਾਈਪਾਸ ਪ੍ਰੋਟੀਨ ਹੋਣਾ ਚੰਗਾ ਮੰਨਿਆ ਜਾਂਦਾ ਹੈ। ਕਿੰਨੀ ਅਤੇ ਕਿਸ ਤਰ੍ਹਾਂ ਦੀ ਬਾਈਪਾਸ ਪ੍ਰੋਟੀਨ ਦੇਣੀ ਚਾਹੀਦੀ ਹੈ, ਇਹ ਤੁਹਾਡੇ ਖ਼ੁਰਾਕ ਦੇ ਸਮੂਹ ਤੇ ਨਿਰਭਰ ਕਰਦਾ ਹੈ, ਇਸ ਲਈ ਕਿਸੇ ਪੋਸ਼ਣ ਵਿਦਵਾਨ (nutritionist) ਦੀ ਸਲਾਹ ਲੈਣੀ ਚਾਹੀਦੀ ਹੈ। ਨਵੀਂ ਖ਼ੋਜ ਮੁਤਾਬਕ, ਗਰਮੀ ਦੇ ਮੌਸਮ ਦੌਰਾਨ ਖ਼ੁਰਾਕ ਵਿੱਚ 17% ਤੋਂ ਵੱਧ ਕ੍ਰੂਡ ਪ੍ਰੋਟੀਨ ਨਾ ਹੋਵੇ, ਖ਼ਾਸ ਕਰਕੇ ਜਦੋਂ 62% ਤੋਂ ਵੱਧ ਪ੍ਰੋਟੀਨ ਡਿਗਰੇਡੇਬਲ (ਆਸਾਨੀ ਨਾਲ ਪਚਣ ਵਾਲਾ) ਹੋਵੇ। ਅੰਤ ਵਿੱਚ ਮੁੱਦਾ ਇਹ ਨਹੀਂ ਕਿ ਖ਼ੁਰਾਕ ਵਿੱਚ ਕੀ ਮਿਲਾਇਆ ਹੈ, ਸਗੋਂ ਇਹ ਹੈ ਕਿ ਗਾਂ ਅਸਲ ਵਿੱਚ ਕਿੰਨਾ ਖਾ ਰਹੀ ਹੈ, ਖ਼ੁਰਾਕ ਵਿੱਚ ਪ੍ਰੋਟੀਨ ਉਸ ਅਧਾਰ ‘ਤੇ ਤਿਆਰ ਕਰਨਾ ਚਾਹੀਦਾ ਹੈ।
ਫਾਈਬਰ
ਗਾਂ ਦੀ ਖ਼ੁਰਾਕ ਵਿੱਚ ਫਾਈਬਰ ਦੀ ਮੌਜੂਦਗੀ ਰੂਮਨ ਦੇ ਸਹੀ ਕੰਮ ਲਈ ਜ਼ਰੂਰੀ ਹੁੰਦੀ ਹੈ। ਪਰ ਫਾਈਬਰ ਨੂੰ ਪਚਾਉਣ ਅਤੇ ਉਸਦੇ ਹਾਜ਼ਮ ਆਉਣ ਦੌਰਾਨ ਸ਼ਰੀਰ ਵਿੱਚ ਹੋਰ ਗਰਮੀ ਬਣਦੀ ਹੈ, ਜਿਵੇਂ ਤੁਲਨਾਤਮਕ ਤੌਰ 'ਤੇ ਅਨਾਜ ਜਾਂ ਹੋਰ ਸੰਘਣੇ ਪਦਾਰਥਾਂ ਨਾਲ ਨਹੀਂ ਹੁੰਦੀ। ਇਸ ਕਰਕੇ, ਜਦੋਂ ਗਾਂ ਗਰਮੀ ਦੇ ਤਣਾਅ ਵਿੱਚ ਹੁੰਦੀ ਹੈ, ਤਾਂ ਉਹ ਫਾਈਬਰ ਵਾਲੀਆਂ ਚੀਜ਼ਾਂ ਘੱਟ ਖਾਂਦੀ ਹੈ ਅਤੇ ਅਨਾਜ ਜਾਂ ਕਨਸਨਟਰੇਟਸ ਵਧੇਰੇ ਖਾਂਦੀ ਹੈ, ਜੇ ਉਸਨੂੰ ਚੋਣ ਕਰਨ ਦੀ ਆਜ਼ਾਦੀ ਹੋਵੇ। ਇਸ ਨਾਲ ਖ਼ੁਰਾਕ ਦਾ ਸੰਤੁਲਨ ਖ਼ਰਾਬ ਹੋ ਜਾਂਦਾ ਹੈ, ਜਿਸ ਨਾਲ ਦੁੱਧ ਦੀ ਫੈਟ ਘੱਟ ਹੋ ਜਾਂਦੀ ਹੈ, ਰੂਮਨ ਐਸੀਡੋਸਿਸ ਅਤੇ ਹਾਜ਼ਮੇ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਫਾਈਬਰ ਦੀ ਮਾਤਰਾ ਹੌਲੀ-ਹੌਲੀ ਘੱਟ ਕਰਨੀ ਚਾਹੀਦੀ ਹੈ। ਜੇਕਰ ਕਨਸਨਟਰੇਟਸ 55-60% ਤੋਂ ਵੱਧ ਹੋਣ ਤਾਂ ਇਹ ਪੇਟ ਦੀ ਕਾਰਗੁਜਾਰੀ ਤੇ ਅਸਰ ਪਾ ਸਕਦੇ ਹਨ ਕਿਉਂਕਿ ਇਹਨਾਂ ਵਿੱਚ ਪ੍ਰਭਾਵਸ਼ਾਲੀ ਫਾਈਬਰ ਘੱਟ ਹੁੰਦਾ ਹੈ। ADF (ਐਸਿਡ ਡਿਟਰਜੈਂਟ ਫਾਈਬਰ) ਦੀ ਮਾਤਰਾ ਘੱਟੋ-ਘੱਟ 18% ਅਤੇ NDF (ਨਿਊਟਰਲ ਡਿਟਰਜੈਂਟ ਫਾਈਬਰ) ਘੱਟੋ-ਘੱਟ 28-30% ਹੋਣੀ ਚਾਹੀਦੀ ਹੈ। ਠੀਕ ਮਾਤਰਾ ਵਿੱਚ ਚੰਗੀ ਕਿਸਮ ਦਾ ਫਾਈਬਰ ਗਾਂ ਨੂੰ ਜ਼ਿਆਦਾ ਖ਼ੁਰਾਕ ਖਾਣ ਅਤੇ ਪਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਦੁੱਧ ਅਤੇ ਫੈਟ ਵਿੱਚ ਵਾਧਾ ਹੁੰਦਾ ਹੈ।
ਮਿਨਰਲਸ
ਗਰਮੀ ਦੇ ਮੌਸਮ ਵਿੱਚ ਕੁਝ ਖਣਿਜ ਤੱਤਾਂ (minerals) ਦੀ ਲੋੜ ਗਾਂ ਲਈ ਵੱਧ ਜਾਂਦੀ ਹੈ। ਇਸਦਾ ਕਾਰਨ ਇਹ ਹੈ ਕਿ ਗਰਮੀ ਵਿੱਚ ਪਸੀਨਾ ਆਉਣ ਅਤੇ ਪਾਣੀ ਦੀ ਲੋੜ ਵੱਧਣ ਕਰਕੇ ਗਾਂ ਦੇ ਸਰੀਰ ਵਿੱਚ ਖਣਿਜ ਨਿਕਾਸ ਵੱਧ ਜਾਂਦਾ ਹੈ, ਜੋ ਉਤਪਾਦਨ, ਸਿਹਤ ਅਤੇ ਊਰਜਾ ਦੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨੈਸ਼ਨਲ ਰਿਸਰਚ ਕੌਂਸਿਲ (NRC) ਨੇ ਦੁੱਧ ਦੇਣ ਵਾਲੀਆਂ ਗਾਂਵਾਂ ਲਈ ਖਣਿਜ ਸਿਫ਼ਾਰਸ਼ਾਂ ਜਾਰੀ ਕੀਤੀਆਂ ਹਨ। ਗਰਮੀ ਦੌਰਾਨ ਇਨ੍ਹਾਂ ਪਦਾਰਥਾਂ ਦੀ ਮਾਤਰਾ ਵਧਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ:
ਗਰਮੀ ਵਿੱਚ ਵਧੇਰੇ ਲੋੜ ਵਾਲੇ ਮੁੱਖ ਖਣਿਜ ਹਨ ਸੋਡੀਅਮ (Sodium - Na), ਪੋਟਾਸ਼ੀਅਮ (Potassium - K), ਕਲੋਰਾਈਡ (Chloride - Cl) ਅਤੇ ਮੈਗਨੀਸ਼ੀਅਮ (Magnesium - Mg)
ਗਰਮੀ ਦੌਰਾਨ ਮੱਦਦ ਕਰਨ ਵਾਲੀਆਂ ਖਣਿਜ ਯੋਜਨਾਵਾਂ:
• ਇਲੈਕਟ੍ਰੋਲਾਈਟ ਬੈਲੇਂਸ ਨੂੰ ਸਹੀ ਰੱਖਣ ਲਈ K, Na, ਅਤੇ Cl ਦੀ ਉਚਿੱਤ ਮਾਤਰਾ ਜ਼ਰੂਰੀ ਹੈ।
• ਮਿਨਰਲ ਖ਼ੁਰਾਕ ਵਿੱਚ ਗਰਮੀ ਆਉਣ ਤੋਂ ਪਹਿਲਾਂ ਹੀ ਸ਼ੁਰੂ ਕਰਨੇ ਚਾਹੀਦੇ ਹਨ, ਤਾਂ ਜੋ ਗਾਂ ਦਾ ਸਰੀਰ ਤਿਆਰ ਰਹੇ ਅਤੇ ਦੁੱਧ ਦੀ ਪੈਦਾਵਾਰ ਵਿੱਚ ਅਚਾਨਕ ਕਮੀ ਨਾ ਆਵੇ।
ਸਿਫ਼ਾਰਸ਼ੀ ਮਾਤਰਾ
(ਵਾਸਤਵਿਕ ਅੰਕੜੇ ਨੈਸ਼ਨਲ ਰਿਸਰਚ ਕੌਂਸਿਲ ਜਾਂ ਪੋਸ਼ਣ ਵਿਸ਼ੇਸ਼ਗਿਆਨ ਦੀ ਸਲਾਹ ਲੈ ਕੇ ਹੀ ਲਾਗੂ ਕੀਤੇ ਜਾਣ)
• ਪੋਟਾਸ਼ੀਅਮ: ਡ੍ਰਾਈ ਮੈਟਰ ਦਾ 1.4–1.6%
• ਸੋਡੀਅਮ: 0.45–0.50%
• ਮੈਗਨੀਸ਼ੀਅਮ: 0.35–0.40%
• ਕਲੋਰਾਈਡ: 0.30–0.50%
ਗਰਮੀ ਦੇ ਮੌਸਮ ਵਿੱਚ ਖ਼ਾਸ ਕਰਕੇ ਉਹਨਾਂ ਖ਼ੁਰਾਕਾਂ ਲਈ ਜੋ ਘੱਟ ਫਾਈਬਰ ਅਤੇ ਵੱਧ ਕਨਸਨਟ੍ਰੇਟ ਵਾਲੀਆਂ ਹੁੰਦੀਆਂ ਹਨ, ਬਫ਼ਰ ਵਰਤਣਾ ਬਹੁਤ ਜ਼ਰੂਰੀ ਹੈ। ਸੋਡੀਅਮ ਬਾਈਕਾਰਬੋਨੇਟ ਇੱਕ ਪ੍ਰਭਾਵਸ਼ਾਲੀ ਬਫ਼ਰ ਹੈ ਜਿਸਨੂੰ ਗਰਮੀ ਵਿੱਚ ਗਾਵਾਂ ਦੀ ਖ਼ੁਰਾਕ ਵਿੱਚ ਘੱਟੋ-ਘੱਟ 1% (ਡ੍ਰਾਈ ਮੈਟਰ ਅਧਾਰ 'ਤੇ) ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਹ ਲੱਗਭੱਗ 200 ਗ੍ਰਾਮ ਪ੍ਰਤੀ ਗਾਂ ਬਣਦਾ ਹੈ ਜੇਕਰ ਗਾਂ 22 ਕਿੱਲੋ ਡ੍ਰਾਈ ਮੈਟਰ ਖਾ ਰਹੀ ਹੋਵੇ। ਇਹ ਦੁੱਧ ਵਿੱਚ ਫੈਟ ਦੀ ਮਾਤਰਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਰੁਮਨ ਐਸੀਡੋਸਿਸ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਨ੍ਹਾਂ ਦੇ ਨਾਲ, ਮੈਗਨੀਸ਼ੀਅਮ ਆਕਸਾਈਡ ਨੂੰ ਵੀ 0.35-0.40% ਤੱਕ ਖ਼ੁਰਾਕ ਵਿੱਚ ਸ਼ਾਮਲ ਕੀਤਾ ਜਾਣਾ ਲਾਭਦਾਇਕ ਹੁੰਦਾ ਹੈ।
ਖੁਰਲ਼ੀ ਅਤੇ ਖ਼ੁਰਾਕ ਪ੍ਰਬੰਧਨ
ਖ਼ੁਰਾਕ ਪਾਉਣ ਵਾਲੀ ਖੁਰਲ਼ੀ ਨੂੰ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ ਤਾਂ ਜੋ ਬਚੇ ਹੋਏ ਚਾਰੇ ਦੀ ਵਰਤੋਂ ਖ਼ੁਰਾਕ ਵਿੱਚ ਰੁਕਾਵਟ ਨਾ ਬਣੇ। ਸਾਰੀਆਂ ਗਾਵਾਂ ਨੂੰ ਯੋਗ ਬੰਕ ਸਪੇਸ ਹੋਣੀ ਚਾਹੀਦੀ ਹੈ। ਖ਼ੁਰਾਕ ਦੇ ਰਾਸ਼ਨ ਦਾ ਵਿਸ਼ਲੇਸ਼ਣ ਵਾਰ ਵਾਰ ਕਰਨਾ ਚਾਹੀਦਾ ਹੈ ਤਾਂ ਜੋ ਉੱਚ ਗੁਣਵੱਤਾ ਵਾਲਾ ਸਹੀ ਰਾਸ਼ਨ ਗਾਂ ਨੂੰ ਮਿਲ ਸਕੇ। ਰਾਸ਼ਨ ਵਿੱਚ ਬਦਲਾਅ ਘੱਟ ਤੋਂ ਘੱਟ ਜਾਂ ਹੌਲੀ ਹੌਲੀ ਕਰਨਾ ਚਾਹੀਦਾ ਹੈ। ਗਰਮੀ ਦੇ ਮੌਸਮ ਵਿੱਚ TMR ਵੱਧ ਵਾਰ ਦੇਣ ਨਾਲ ਗਾਂ ਨੂੰ ਵੱਧ ਖ਼ੁਰਾਕ ਮਿਲਦੀ ਹੈ ਅਤੇ ਉਸਦੀ ਖ਼ੁਰਾਕ ਖਾਣ ਦੀ ਇੱਛਾ ਪੈਦਾ ਹੁੰਦੀ ਹੈ।
ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗਾਂ ਨੂੰ ਦਿਨ ਦੇ ਠੰਢੇ ਸਮੇਂ ਖ਼ੁਰਾਕ ਦਿੱਤੀ ਜਾਵੇ, ਕਿਉਂਕਿ ਖ਼ੁਰਾਕ ਨੂੰ ਪਚਾਉਣ ਲਈ ਨਿਕਲਣ ਵਾਲੀ ਗਰਮੀ, ਖ਼ੁਰਾਕ ਖਾਣ ਤੋਂ 3-4 ਘੰਟੇ ਬਾਅਦ ਪੀਕ ਤੇ ਹੁੰਦੀ ਹੈ। ਜੇਕਰ ਖ਼ੁਰਾਕ ਸਵੇਰੇ 5-6 ਵਜੇ ਦਿੱਤੀ ਜਾਵੇ ਤਾਂ ਪਚਾਉਣ ਦੀ ਗਰਮੀ 8-9 ਵਜੇ ਪੀਕ ਤੇ ਹੋਵੇਗੀ। ਇਸੇ ਤਰ੍ਹਾਂ ਸ਼ਾਮ ਦੇ ਸਮੇਂ ਖ਼ੁਰਾਕ ਦਿੱਤੀ ਜਾਣ ਵਾਲੀਆਂ ਗਾਵਾਂ ਜ਼ਿਆਦਾ ਆਰਾਮਦਾਇਕ ਹੁੰਦੀਆਂ ਹਨ ਕਿਉਂਕਿ ਉਹਨਾਂ ਦੀ ਖ਼ੁਰਾਕ ਰਾਤ ਨੂੰ ਪੱਚਦੀ ਹੈ ਜਦੋਂ ਮੌਸਮ ਠੰਢਾ ਹੁੰਦਾ ਹੈ। ਇਸ ਨਾਲ ਉਹਨਾਂ ਦੀ ਖ਼ੁਰਾਕ ਖਾਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਅੰਤ ਵਿੱਚ
ਚੰਗਾ ਪ੍ਰਬੰਧਨ ਗਰਮੀ ਦੇ ਮੌਸਮ ਵਿੱਚ ਦੁੱਧ ਉਤਪਾਦਨ ਅਤੇ ਮੂਲ ਨਫ਼ੇ 'ਤੇ ਹੋਣ ਵਾਲੇ ਪ੍ਰਭਾਵ ਨੂੰ ਘਟਾ ਸਕਦਾ ਹੈ। ਗਰਮੀ ਦੇ ਮੌਸਮ ਦੇ ਆਉਣ ਤੋਂ ਪਹਿਲਾਂ ਉਸਦੇ ਲਈ ਤਿਆਰੀ ਕਰੋ, ਅਤੇ ਯਾਦ ਰੱਖੋ ਕਿ ਗਾਵਾਂ ਮਨੁੱਖਾਂ ਨਾਲੋਂ ਘੱਟ ਤਾਪਮਾਨ 'ਤੇ ਗਰਮੀ ਦੇ ਤਣਾਅ ਦਾ ਸਾਹਮਣਾ ਕਰਦੀਆਂ ਹਨ। ਜੇ ਤੁਹਾਡੇ ਲਈ ਮੌਸਮ ਆਰਾਮਦਾਇਕ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਇਹ ਤੁਹਾਡੀਆਂ ਗਾਵਾਂ ਦੇ ਦੁੱਧ ਉਤਪਾਦਨ 'ਤੇ ਅਸਰ ਨਹੀਂ ਪੈ ਰਿਹਾ। ਗਰਮੀ ਦੇ ਮੌਸਮ ਲਈ ਤਿਆਰੀ ਕਰੋ:
1 ਗਾਵਾਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛਾਂ ਦਿਓ।
2 ਫੈਨ ਅਤੇ ਸਪਰਿੰਕਲਰ ਵਰਗੀਆਂ ਸਹੂਲਤਾਂ ਨਾਲ ਵਾਧੂ ਠੰਡਕ ਪ੍ਰਦਾਨ ਕਰੋ।
3 ਖ਼ੁਰਾਕ ਵਿੱਚ ਪ੍ਰੋਟੀਨ, ਊਰਜਾ, ਖਣਿਜ ਅਤੇ ਵਿਟਾਮਿਨ ਦੀ ਯੋਗਤਾ ਨੂੰ ਸੁਧਾਰੋ।
4 ਉੱਚ ਗੁਣਵੱਤਾ ਵਾਲਾ ਚਾਰਾ ਪ੍ਰਦਾਨ ਕਰੋ।
5 ਊਰਜਾ ਨੂੰ ਪੂਰਾ ਕਰਨ ਲਈ ਖ਼ੁਰਾਕ ਵਿੱਚ ਫੈਟ ਸ਼ਾਮਲ ਕਰੋ।
6 ਖਾਣ ਦੀ ਰੁਚੀ ਵਧਾਉਣ ਲਈ ਘੱਟ ਮਾਤਰਾ ਵਿੱਚ ਖ਼ੁਰਾਕ, ਦਿਨ ਵਿੱਚ ਕਈ ਵਾਰੀ ਖਿਲਾਓ।
7 ਦਿਨ ਦੇ ਠੰਡੇ ਸਮੇਂ ਵਿੱਚ ਖ਼ੁਰਾਕ ਦਿਓ।
8 ਖੁਰਲ਼ੀ ਨੂੰ ਹਰ ਰੋਜ਼ ਸਾਫ਼ ਕਰੋ ਤਾਂ ਕਿ ਖ਼ੁਰਾਕ ਖ਼ਰਾਬ ਨਾ ਹੋ ਜਾਵੇ।
9 ਹਰ ਵਕਤ ਸਾਫ਼ ਅਤੇ ਠੰਡਾ ਪਾਣੀ ਪ੍ਰਦਾਨ ਕਰੋ।