MAY 2025
TEAM DAIRY GUARDIAN
ਮੱਕੀ ਦਾ ਸਾਈਲੇਜ਼ (ਜਿਸ ਨੂੰ ਪੰਜਾਬੀ ਵਿੱਚ ਅਚਾਰ ਵੀ ਕਿਹਾ ਜਾਂਦਾ ਹੈ) ਆਧੁਨਿਕ ਡੇਅਰੀ ਫਾਰਮਿੰਗ ਵਿੱਚ ਇੱਕ ਮੂਲ ਭੂਮਿਕਾ ਅਦਾ ਕਰ ਰਿਹਾ ਹੈ, ਖ਼ਾਸ ਕਰਕੇ ਉਹਨਾਂ ਕਿਸਾਨਾਂ ਲਈ ਜੋ ਵਧੀਆ ਦੁੱਧ ਉਤਪਾਦਨ ਅਤੇ ਸਿਹਤਮੰਦ ਪਸ਼ੂਆਂ ਦੀ ਇੱਛਾ ਰਖਦੇ ਹਨ। ਖ਼ੁਰਾਕ ਦੀਆਂ ਵਧਦੀਆਂ ਲਾਗਤਾਂ ਅਤੇ ਹਰੇ ਚਾਰੇ ਦੀ ਉਪਲੱਬਧਤਾ ਵਿੱਚ ਉਤਾਰ-ਚੜ੍ਹਾਅ ਦੇ ਚਲਦੇ, ਮੱਕੀ ਦਾ ਸਾਈਲੇਜ਼ ਇੱਕ ਲਗਾਤਾਰ, ਉੱਚ-ਊਰਜਾ ਵਾਲਾ ਵਿਕਲਪ ਮੁਹੱਈਆ ਕਰਦਾ ਹੈ ਜੋ ਕਿਸੇ ਵੀ ਫਾਰਮ ਦੀ ਉਤਪਾਦਕਤਾ ਨੂੰ ਬਦਲ ਸਕਦਾ ਹੈ। ਇਹ ਲੇਖ ਮੱਕੀ ਸਾਈਲੇਜ਼ ਦੀ ਤਿਆਰੀ, ਸੰਭਾਲ ਅਤੇ ਪਸ਼ੂਆਂ ਨੂੰ ਖ਼ੁਰਾਕ ਵਜੋਂ ਦੇਣ ਸਬੰਧੀ ਹਰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਸਾਈਲੇਜ਼ ਇੱਕ ਕਿਸਮ ਦਾ ਸੰਭਾਲਿਆ ਹੋਇਆ ਚਾਰਾ ਹੈ ਜੋ ਹਰੇ ਚਾਰੇ ਤੋਂ ਬਣਾਇਆ ਜਾਂਦਾ ਹੈ। ਇਹ ਇੱਕ ਐਨਾਏਰੋਬਿਕ (ਬਿਨਾਂ ਆਕਸੀਜਨ) ਪ੍ਰਕਿਰਿਆ ਰਾਹੀਂ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਫਰਮੈਂਟੇਸ਼ਨ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਚਾਰੇ ਵਿੱਚ ਸ਼ੂਗਰ ਨੂੰ ਲੈਕਟਿਕ ਐਸਿਡ ਵਿੱਚ ਬਦਲ ਦਿੰਦੀ ਹੈ, ਜਿਸ ਨਾਲ ਚਾਰੇ ਦੀ ਲੰਬੇ ਸਮੇਂ ਲਈ ਸੰਭਾਲ ਹੋ ਜਾਂਦੀ ਹੈ।
ਸਾਈਲੇਜ਼ ਬਣਾਉਣ ਦੀ ਪ੍ਰਕਿਰਿਆ ਵਿੱਚ ਹਰੇ (ਤਾਜ਼ੇ) ਚਾਰੇ ਨੂੰ ਕੱਟਣਾ, ਦਬਾਉਣਾ ਅਤੇ ਫਰਮੈਂਟੇਸ਼ਨ ਲਈ ਸਾਇਲੋ (ਜਿਸ ਨੂੰ ਪਿੱਟ ਵੀ ਕਿਹਾ ਜਾਂਦਾ ਹੈ) ਵਿੱਚ ਬੰਦ ਕਰਕੇ ਰੱਖਣਾ ਸ਼ਾਮਲ ਹੁੰਦਾ ਹੈ, ਤਾਂ ਜੋ ਹਵਾ ਸਾਈਲੇਜ਼ ਨਾਲ ਸੰਪਰਕ ਨਾ ਕਰ ਸਕੇ। ਲੱਗਭੱਗ ਹਰ ਕਿਸਮ ਦੇ ਹਰੇ ਚਾਰੇ ਤੋਂ ਸਾਈਲੇਜ਼ ਬਣਾਇਆ ਜਾ ਸਕਦਾ ਹੈ। ਉਦਾਹਰਨ ਵਜੋਂ, ਮੱਕੀ, ਜਵਾਰ, ਰਾਈ, ਕਣਕ ਅਤੇ ਬਾਜਰਾ ਆਦਿ।
ਮੱਕੀ ਸਾਈਲੇਜ਼ ਇੱਕ ਫਰਮੈਂਟੇਡ, ਉੱਚ ਨਮੀ ਵਾਲਾ ਚਾਰਾ ਹੁੰਦਾ ਹੈ ਜੋ ਪੂਰੇ ਮੱਕੀ ਦੇ ਪੌਦੇ—ਤਣਾ, ਪੱਤੇ, ਗੁੱਲ ਅਤੇ ਦਾਣੇ—ਤੋਂ ਬਣਾਇਆ ਜਾਂਦਾ ਹੈ। ਇਹ ਮੱਕੀ ਦੀ “ਮਿਲਕ ਲਾਈਨ” ਦੇਖ ਕੇ ਕੱਟਿਆ ਜਾਂਦਾ ਹੈ (ਵਿਸਥਾਰ ਵਿੱਚ ਪੇਜ਼ 20 ‘ਤੇ), ਬਰੀਕ ਕੁਤਰ ਕੇ ਚੰਗੀ ਤਰ੍ਹਾਂ ਦੱਬਿਆ ਜਾਂਦਾ ਹੈ ਅਤੇ ਹਵਾ-ਰੋਧਕ (air-tight) ਹਾਲਤ ਵਿੱਚ ਸੰਭਾਲਿਆ ਜਾਂਦਾ ਹੈ ਤਾਂ ਜੋ ਉਹ ਫਰਮੈਂਟ ਹੋ ਸਕੇ। ਇਸ ਤਰੀਕੇ ਨਾਲ ਬਣਿਆ ਹੋਇਆ ਚਾਰਾ ਪੌਸ਼ਟਿਕ ਹੋਣ ਦੇ ਨਾਲ ਸਵਾਦ ਵੀ ਹੁੰਦਾ ਹੈ ਅਤੇ ਊਰਜਾ, ਫਾਈਬਰ ਅਤੇ ਆਸਾਨੀ ਨਾਲ ਪਚਣ ਵਾਲੇ ਕਾਰਬੋਹਾਈਡਰੇਟਸ (ਸਟਾਰਚ) ਨਾਲ ਭਰਪੂਰ ਹੁੰਦਾ ਹੈ—ਜੋ ਡੇਅਰੀ ਗਾਵਾਂ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ।
1. ਉੱਚ ਊਰਜਾ ਵਾਲਾ ਚਾਰਾ – ਮੱਕੀ ਵਿੱਚ ਸਟਾਰਚ ਵਧੀਆ ਮਾਤਰਾ ਵਿੱਚ ਹੁੰਦਾ ਹੈ, ਜੋ ਦੁੱਧ ਉਤਪਾਦਨ ਲਈ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।
2. ਆਸਾਨੀ ਨਾਲ ਪਚਣਯੋਗ – ਖ਼ਾਸ ਕਰਕੇ ਜਦੋਂ ਇਹ ਸਹੀ ਸਮੇਂ ’ਤੇ ਕੱਟਿਆ ਅਤੇ ਸਹੀ ਢੰਗ ਨਾਲ ਤਿਆਰ ਕੀਤਾ ਗਿਆ ਹੋਵੇ।
3. ਸੁਆਦਿਸ਼ਟ – ਪਸ਼ੂ ਖੁਸ਼ੀ ਨਾਲ ਅਤੇ ਲਗਾਤਾਰ ਇਸਨੂੰ ਖਾਂਦੇ ਹਨ।
4. ਸਾਲ ਭਰ ਉਪਲੱਬਧ – ਇਕ ਵਾਰੀ ਫਰਮੈਂਟੇਸ਼ਨ ਹੋਣ ਤੋਂ ਬਾਅਦ, ਇਹ 12 ਤੋਂ 18 ਮਹੀਨੇ ਤੱਕ ਵਰਤਣ ਯੋਗ ਰਹਿੰਦਾ ਹੈ।
5. ਉੱਚ ਪੈਦਾਵਾਰ ਪ੍ਰਤੀ ਏਕੜ – ਇੱਕ ਏਕੜ ਵਿੱਚੋਂ ਲੱਗਭੱਗ 180–220 ਕੁਇੰਟਲ (ਅਰਥਾਤ 18–22 ਟਨ) ਤੱਕ ਸਾਈਲੇਜ਼ ਤਿਆਰ ਹੋ ਸਕਦਾ ਹੈ।
ਸਾਈਲੇਜ਼ ਬਣਾਉਣ ਦੀ ਪ੍ਰਕਿਰਿਆ ਨੂੰ ਛੇ ਮੁੱਖ ਕਦਮਾਂ ਵਿੱਚ ਵੰਡਿਆ ਜਾ ਸਕਦਾ ਹੈ:
1. ਲੋੜ ਅਨੁਸਾਰ ਸਾਈਲੇਜ਼ ਦੀ ਮਾਤਰਾ ਦਾ ਅੰਦਾਜ਼ਾ ਲਗਾਓ।
2. ਸਾਇਲੋ ਬਣਾਓ।
3. ਫ਼ਸਲ ਨੂੰ ਸਹੀ ਨਮੀ ਪੱਧਰ ਤੱਕ ਪਹੁੰਚਣ ਦਿਓ।
4. ਫ਼ਸਲ ਨੂੰ ਕੱਟੋ ਅਤੇ ਕੁਤਰੋ।
5. ਸਾਇਲੋ ਭਰੋ ਅਤੇ ਸਾਈਲੇਜ਼ ਨੂੰ ਜਿੰਨਾ ਹੋ ਸਕੇ ਦਬਾਓ।
6. ਸਾਇਲੋ ਨੂੰ ਢੱਕੋ ਅਤੇ ਸੀਲ ਕਰੋ।
ਸਾਈਲੇਜ਼ ਦੀ ਲੋੜ ਅਤੇ ਇਸ ਲਈ ਸਾਇਲੋ ਦਾ ਆਕਾਰ ਹੇਠ ਲਿਖੇ ਤੱਤਾਂ ’ਤੇ ਨਿਰਭਰ ਕਰਦਾ ਹੈ:
• ਪਸ਼ੂਆਂ ਦੀ ਗਿਣਤੀ
• ਖ਼ੁਰਾਕ ਦੇ ਸਮੇਂ ਦੀ ਮਿਆਦ
• ਪੂਰੀ ਖ਼ੁਰਾਕ ਵਿੱਚ ਸਾਈਲੇਜ਼ ਦੀ ਮਾਤਰਾ
• ਸਾਈਲੇਜ਼ ਦੀ ਡ੍ਰਾਈ ਮੈਟਰ ਮਾਤਰਾ
• ਡ੍ਰਾਈ ਮੈਟਰ ਦੇ ਨੁਕਸਾਨ ਦੀ ਮਾਤਰਾ
• ਸਾਈਲੇਜ਼ ਦੀ ਘਣਤਾ
ਹੇਠ ਲਿਖੇ ਵਿਵਰਣਾਂ ਦਾ ਉਪਯੋਗ ਕਰਦੇ ਹੋਏ ਇੱਕ ਉਦਾਹਰਨ;
• ਇੱਕ ਗਾਂ
• ਖ਼ੁਰਾਕ ਦੇ ਸਮੇਂ ਦੀ ਮਿਆਦ 365 ਦਿਨ
• ਕੁੱਲ ਪਸ਼ੂ ਖ਼ੁਰਾਕ ਜੋ ਕਿ 50 ਕਿੱਲੋ ਹੈ, ਉਸਦਾ 50% ਸਾਈਲੇਜ਼ ਹੈ
• ਸਾਈਲੇਜ਼ ਦਾ ਡ੍ਰਾਈ ਮੈਟਰ ਹੈ 30%
• ਡ੍ਰਾਈ ਮੈਟਰ ਨੁਕਸਾਨ ਹੈ ਲੱਗਭੱਗ 15%
• ਸਾਈਲੇਜ਼ ਦੀ ਘਣਤਾ ਹੈ 18 ਕਿੱਲੋ/sqft
ਇਸ ਲਈ, ਤੁਹਾਨੂੰ ਜਿੰਨਾ ਸਾਈਲੇਜ਼ ਅਤੇ ਸਾਇਲੋ ਦੀ ਜਗ੍ਹਾ ਦੀ ਲੋੜ ਹੋਵੇਗੀ, ਉਹ ਹੇਠਾਂ ਦਿੱਤੇ ਅਨੁਸਾਰ ਹੋਵੇਗਾ:
• ਲੋੜੀਂਦੀ ਖ਼ੁਰਾਕ:
1 ਗਾਂ x (50 ਕਿੱਲੋ ਦਾ 50%) x 365 ਦਿਨ = 9,125 ਕਿੱਲੋ ਖ਼ੁਰਾਕ
• ਕੁੱਲ ਖ਼ਰਾਬੀ ਤੋਂ ਬਾਅਦ:
ਆਮ ਤੌਰ ’ਤੇ, ਸਟੋਰ ਕਰਨ ਅਤੇ ਖ਼ੁਰਾਕ ਦਿੰਦੇ ਸਮੇਂ ਖ਼ਰਾਬੀ ਕਾਰਨ ਲੱਗਭੱਗ 15% ਨੁਕਸਾਨ ਹੁੰਦਾ ਹੈ।
ਇਸ ਲਈ, ਤੁਹਾਨੂੰ 15% ਹੋਰ ਸਾਈਲੇਜ਼ ਦੀ ਲੋੜ ਪਵੇਗੀ, ਜੋ ਕਿ 115% x 9,125 ਕਿਲੋ = 10,493 ਕਿੱਲੋ (ਲੱਗਭੱਗ 10 ਟੰਨ) ਤਾਜ਼ਾ ਸਾਈਲੇਜ਼ ਪ੍ਰਤੀ ਗਾਂ 365 ਦਿਨਾਂ ਲਈ ਹੋਵੇਗਾ।
• ਸਾਇਲੋ ਲਈ ਜਗ੍ਹਾ ਦੀ ਲੋੜ:
ਸਾਈਲੇਜ਼ ਦੀ ਘਣਤਾ 18 ਕਿੱਲੋ/sqft ਹੈ; ਇਸ ਲਈ 10,493 ਕਿੱਲੋ/18 ਕਿੱਲੋ = 582 sqft ਸਾਇਲੋ ਸਮਰੱਥਾ ਪ੍ਰਤੀ ਪਸ਼ੂ ਹੋਣੀ ਚਾਹੀਦੀ ਹੈ।
10 ਗਾਂਵਾਂ ਲਈ 365 ਦਿਨਾਂ ਦੇ ਲਈ 50% ਖ਼ੁਰਾਕ ਤੁਹਾਨੂੰ ਲੋੜ ਹੋਵੇਗੀ:
10 x 10,493 ਕਿੱਲੋ = 1,04,930 ਕਿੱਲੋ ਸਾਈਲੇਜ਼ ਅਤੇ
10 x 582 sqft = 5820 sqft ਸਾਇਲੋ ਜਗ੍ਹਾ।
ਇਸ ਲਈ, ਇੱਕ ਬੰਕਰ ਸਾਇਲੋ ਜੋ 50 ਫ਼ੁੱਟ ਲੰਬਾ, 15 ਫ਼ੁੱਟ ਚੌੜਾ ਅਤੇ 8 ਫ਼ੁੱਟ ਉੱਚਾ ਹੋਵੇ, ਉਹ ਕਾਫ਼ੀ ਹੋਵੇਗਾ। ਹਾਲਾਂਕਿ, ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਭਵਿੱਖ ਵਿੱਚ ਵਾਧੇ ਲਈ ਥੋੜ੍ਹਾ ਵੱਡਾ ਅਤੇ ਸਥਿਰ ਸਾਇਲੋ ਤਿਆਰ ਕੀਤਾ ਜਾਵੇ।
ਸਾਇਲੋ ਬਣਾਉਣ ਲਈ ਠੀਕ ਥਾਂ ਦੀ ਚੋਣ
ਸਾਇਲੋ ਬਣਾਉਣ ਤੋਂ ਪਹਿਲਾਂ ਥਾਂ ਦੀ ਚੋਣ ਬਹੁਤ ਮਹੱਤਵਪੂਰਣ ਹੁੰਦੀ ਹੈ। ਠੀਕ ਥਾਂ ’ਤੇ ਬਣਾਇਆ ਗਿਆ ਸਾਇਲੋ ਲੰਬੇ ਸਮੇਂ ਤੱਕ ਚੰਗਾ ਸਾਈਲੇਜ਼ ਸੰਭਾਲ ਕੇ ਰੱਖ ਸਕਦਾ ਹੈ। ਸਭ ਤੋਂ ਪਹਿਲਾਂ, ਥਾਂ ਉੱਚੀ ਅਤੇ ਸੁੱਕੀ ਹੋਣੀ ਚਾਹੀਦੀ ਹੈ, ਤਾਂ ਜੋ ਪਾਣੀ ਇਕੱਠਾ ਨਾ ਹੋਵੇ। ਜਿੱਥੇ ਸਾਇਲੋ ਬਣਾਇਆ ਜਾ ਰਿਹਾ ਹੈ, ਉਹ ਜਗ੍ਹਾ ਟਰੈਕਟਰ, ਟਰਾਲੀ ਅਤੇ ਹੋਰ ਮਸ਼ੀਨਾਂ ਲਈ ਆਸਾਨ ਆਵਾਜਾਈ ਵਾਲੀ ਹੋਣੀ ਚਾਹੀਦੀ ਹੈ। ਸਾਇਲੋ ਕਿਸੇ ਖ਼ਾਦ ਜਾਂ ਗੋਬਰ ਪਿੱਟ ਤੋਂ ਦੂਰ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਗੰਦਗੀ ਜਾਂ ਜਹਿਰੀਲਾ ਪਦਾਰਥ ਸਾਈਲੇਜ਼ ਵਿੱਚ ਨਾ ਪਹੁੰਚੇ। ਨਾਲ ਹੀ, ਥਾਂ ਦੇ ਆਲੇ-ਦੁਆਲੇ ਵਧੀਆ ਨਿਕਾਸੀ ਪ੍ਰਣਾਲੀ ਹੋਣੀ ਚਾਹੀਦੀ ਹੈ, ਤਾਂ ਜੋ ਵਾਧੂ ਨਮੀ ਜਾਂ ਪਾਣੀ ਸਾਇਲੋ ਵਿੱਚ ਨਾ ਜਾਵੇ। ਸੋਚ-ਸਮਝ ਕੇ ਕੀਤੀ ਚੋਣ ਸਾਇਲੋ ਦੀ ਮਿਆਦ ਅਤੇ ਸਾਈਲੇਜ਼ ਦੀ ਗੁਣਵੱਤਾ ਨੂੰ ਬਣਾਏ ਰੱਖਦੀ ਹੈ।
ਬੰਕਰ ਸਾਇਲੋ
ਬੰਕਰ ਸਾਇਲੋ ਸਾਈਲੇਜ਼ ਨੂੰ ਸੰਭਾਲਣ ਲਈ ਬਣਾਇਆ ਜਾਂਦਾ ਜ਼ਮੀਨ ਤੇ ਆਧਾਰਤ ਗੋਦਾਮ ਹੁੰਦਾ ਹੈ। ਇਹ ਸਾਇਲੋ ਆਮ ਤੌਰ ’ਤੇ ਸੀਮੈਂਟ ਜਾਂ ਇੱਟਾਂ ਦੀਆਂ ਕੰਧਾਂ ਨਾਲ ਅਤੇ ਪੱਕੀ ਜਾਂ ਮਜ਼ਬੂਤ ਸਤ੍ਹਾ ਵਾਲੀ ਥਾਂ ਤੇ ਬਣਾਇਆ ਜਾਂਦਾ ਹੈ। ਮੱਕੀ ਨੂੰ ਕੱਟ ਕੇ, ਚੰਗੀ ਤਰ੍ਹਾਂ ਕੁਤਰ ਕੇ ਬੰਕਰ ਸਾਇਲੋ ਵਿੱਚ ਪਤਲੀਆਂ ਪਰਤਾਂ ਵਿੱਚ ਪਾਇਆ ਜਾਂਦਾ ਹੈ, ਹਰ ਪਰਤ ਨੂੰ ਟ੍ਰੈਕਟਰ ਨਾਲ ਚੰਗੀ ਤਰ੍ਹਾਂ ਦਬਾਇਆ ਜਾਂਦਾ ਹੈ ਤਾਂ ਜੋ ਹਵਾ ਬਾਹਰ ਨਿਕਲ ਜਾਵੇ। ਸਾਇਲੋ ਦੀਆਂ ਕੰਧਾਂ ਤੇ ਮੋਟੀ ਪਲਾਸਟਿਕ ਚਾਦਰ ਰੱਖੀ ਜਾਂਦੀ ਹੈ, ਅਤੇ ਭਰਨ ਤੋਂ ਬਾਅਦ ਸਾਇਲੋ ਨੂੰ ਤੁਰੰਤ ਪਲਾਸਟਿਕ ਚਾਦਰ ਨਾਲ ਢੱਕ ਦਿੱਤਾ ਜਾਂਦਾ ਹੈ। ਉੱਤੇ ਟਾਇਰਾਂ ਜਾਂ ਰੇਤੇ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ ਤਾਂ ਜੋ ਚਾਦਰ ਹਿੱਲੇ ਨਾ ਅਤੇ ਅੰਦਰ ਹਵਾ ਨਾ ਜਾ ਸਕੇ। ਇਹ ਸਾਰੀ ਪ੍ਰਕਿਰਿਆ ਔਕਸੀਜਨ ਤੋਂ ਰਹਿਤ (anaerobic) ਪਰਿਸਥਿਤੀ ਬਣਾਉਂਦੀ ਹੈ ਜਿਸ ਨਾਲ ਮੱਕੀ ਦਾ ਸਾਈਲੇਜ਼ ਚੰਗੀ ਤਰ੍ਹਾਂ ਫਰਮੈਂਟ ਹੁੰਦਾ ਹੈ। ਬੰਕਰ ਸਾਇਲੋ ਮੱਕੀ ਨੂੰ ਵੱਡੇ ਪੱਧਰ ’ਤੇ ਸੰਭਾਲਣ ਲਈ ਸਭ ਤੋਂ ਉੱਚਿਤ, ਘੱਟ ਲਾਗਤ ਵਾਲਾ ਅਤੇ ਆਸਾਨ ਢੰਗ ਹੈ ਜੋ ਡੇਅਰੀ ਪਸ਼ੂਆਂ ਲਈ ਸਾਲ ਭਰ ਪੌਸ਼ਟਿਕ ਚਾਰਾ ਉਪਲੱਬਧ ਕਰਵਾਉਂਦਾ ਹੈ।
ਸਾਇਲੋ ਦਾ ਆਕਾਰ ਅਤੇ ਗਿਣਤੀ
ਸਾਇਲੋ ਦਾ ਆਕਾਰ ਅਤੇ ਗਿਣਤੀ ਤੁਹਾਡੇ ਡੇਅਰੀ ਫਾਰਮ ’ਤੇ ਮੌਜੂਦ ਪਸ਼ੂਆਂ ਦੀ ਗਿਣਤੀ, ਉਨ੍ਹਾਂ ਦੀ ਰੋਜ਼ਾਨਾ ਖ਼ੁਰਾਕ ਦੀ ਲੋੜ ਅਤੇ ਸਾਈਲੇਜ਼ ਨੂੰ ਕਿੰਨੇ ਸਮੇਂ ਲਈ ਸੰਭਾਲਣਾ ਹੈ, ਇਸ ’ਤੇ ਨਿਰਭਰ ਕਰਦਾ ਹੈ। ਇਸ ਲੋੜ ਦੇ ਅਧਾਰ ’ਤੇ ਤੁਸੀਂ ਇੱਕ ਵੱਡਾ ਸਾਇਲੋ ਜਾਂ ਦੋ ਛੋਟੇ ਸਾਇਲੋ ਬਣਾ ਸਕਦੇ ਹੋ। ਵੱਡਾ ਸਾਇਲੋ ਬਣਾਉਣ ਦਾ ਫਾਇਦਾ ਇਹ ਹੈ ਕਿ ਸਾਰਾ ਸਾਈਲੇਜ਼ ਇਕੱਠਾ ਸੰਭਾਲਿਆ ਜਾ ਸਕਦਾ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਾਰਾ ਸਾਈਲੇਜ਼ ਸਿਰਫ਼ ਇੱਕ ਸਾਇਲੋ ਵਿੱਚ ਨਾ ਰੱਖਿਆ ਜਾਵੇ, ਤਾਂ ਜੋ ਨੁਕਸਾਨਾਂ ਅਤੇ ਖ਼ਰਾਬ ਹੋਣ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਹਰ ਸਾਇਲੋ ਦੀ ਲੰਬਾਈ, ਚੌੜਾਈ ਅਤੇ ਡੂੰਗਾਈ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਮਾਤਰਾ ਰੋਜ਼ ਖ਼ਪਤ ਕਰ ਰਹੇ ਹੋ। ਇਹ ਵੀ ਯਾਦ ਰੱਖੋ ਕਿ ਸਾਇਲੋ ਵਿੱਚੋਂ ਹਰ ਰੋਜ਼ ਇੱਕ ਫੁੱਟ ਮੋਟੀ ਪਰਤ ਹਟਾਉਣੀ ਲਾਜ਼ਮੀ ਹੁੰਦੀ ਹੈ, ਤਾਂ ਜੋ ਸਾਈਲੇਜ਼ ਜ਼ਿਆਦਾ ਸਮੇਂ ਤੱਕ ਸਹੀ ਬਣਿਆ ਰਹੇ।
ਢੇਰ ਸਾਇਲੋ
ਢੇਰ ਸਾਇਲੋ ਵਿੱਚ ਮੱਕੀ ਨੂੰ ਕੁਤਰ ਕੇ ਖੁੱਲੀ ਜ਼ਮੀਨ ਉੱਤੇ ਇੱਕ ਢੇਰ ਦੇ ਰੂਪ ਵਿੱਚ ਇਕੱਤਰ ਕੀਤਾ ਜਾਂਦਾ ਹੈ। ਇਹ ਢੇਰ ਆਮ ਤੌਰ ’ਤੇ ਥੋੜ੍ਹੀ ਉੱਚੀ, ਸੁੱਕੀ ਅਤੇ ਨਿਕਾਸੀ ਵਾਲੀ ਥਾਂ ਤੇ ਬਣਾਇਆ ਜਾਂਦਾ ਹੈ। ਕੁਤਰੀ ਹੋਈ ਮੱਕੀ ਨੂੰ ਪਤਲੀਆਂ ਪਰਤਾਂ ਵਿੱਚ ਪਾ ਕੇ ਟਰੈਕਟਰ ਜਾਂ ਕਿਸੇ ਭਾਰੀ ਵਸਤੂ ਨਾਲ ਦਬਾਇਆ ਜਾਂਦਾ ਹੈ, ਤਾਂ ਜੋ ਹਵਾ ਬਾਹਰ ਨਿਕਲ ਜਾਵੇ। ਫਿਰ ਸਾਰਾ ਢੇਰ ਮੋਟੀ ਪਲਾਸਟਿਕ ਦੀ ਚਾਦਰ ਨਾਲ ਢੱਕਿਆ ਜਾਂਦਾ ਹੈ ਅਤੇ ਉੱਪਰ ਟਾਇਰ ਜਾਂ ਰੇਤੇ ਦੀਆਂ ਬੋਰੀਆਂ ਰੱਖ ਕੇ ਹਵਾ ਅੰਦਰ ਜਾਣ ਤੋਂ ਰੋਕੀ ਜਾਂਦੀ ਹੈ। ਢੇਰ ਸਾਇਲੋ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਲਈ ਕੰਧਾਂ ਦੀ ਲੋੜ ਨਹੀਂ ਪੈਂਦੀ, ਇਸ ਕਰਕੇ ਇਹ ਛੋਟੇ ਪੱਧਰ ਦੇ ਕਿਸਾਨਾਂ ਲਈ ਆਸਾਨ ਅਤੇ ਸਸਤਾ ਢੰਗ ਹੈ। ਜੇਕਰ ਢਕਣ ਅਤੇ ਦਬਾਉਣ ਦੀ ਪ੍ਰਕਿਰਿਆ ਠੀਕ ਤਰ੍ਹਾਂ ਕੀਤੀ ਜਾਵੇ ਤਾਂ ਇਹ ਵੀ ਬੰਕਰ ਸਾਇਲੋ ਵਾਂਗ ਹੀ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਢੇਰ ਸਾਇਲੋ ਦੀ ਲਾਗਤ ਘੱਟ ਹੁੰਦੀ ਹੈ, ਪਰ ਬੰਕਰ ਸਾਇਲੋ ਦੇ ਮੁਕਾਬਲੇ ਵੱਧ ਜ਼ਮੀਨ ਦੀ ਲੋੜ ਪੈਂਦੀ ਹੈ।
ਮੱਕੀ ਨੂੰ ਸਾਈਲੇਜ਼ ਬਣਾਉਣ ਲਈ ਉਸ ਵੇਲੇ ਕੱਟਣਾ ਚਾਹੀਦਾ ਹੈ ਜਦੋਂ ਪੌਦੇ ਵਿੱਚ ਨਮੀ ਅਤੇ ਸਟਾਰਚ ਦੀ ਸਹੀ ਮਾਤਰਾ ਹੁੰਦੀ ਹੈ, ਤਾਂ ਜੋ ਫਰਮੈਂਟੇਸ਼ਨ ਠੀਕ ਹੋ ਸਕੇ ਅਤੇ ਸਾਈਲੇਜ਼ ਖ਼ਰਾਬੀ ਤੋਂ ਬਚੇ। ਸਭ ਤੋਂ ਪਹਿਲਾਂ, “ਮਿਲਕ ਲਾਈਨ” ਦੀ ਪੋਜ਼ੀਸ਼ਨ ਨੂੰ ਵੇਖੋ — ਇੱਕ ਭੁੱਟਾ ਤੋੜ ਕੇ ਦਾਣਿਆਂ ਵਿੱਚੋਂ ਇੱਕ ਚਿੱਟੀ ਲਾਈਨ ਉੱਪਰੋਂ ਹੇਠਾਂ ਵੱਲ ਆਉਂਦੀ ਹੋਈ ਦਿਸੇਗੀ। ਜਦੋਂ ਇਹ ਲਾਈਨ ਦਾਣੇ ਦੇ 2 ਅਤੇ 3 ਨੰਬਰ (ਤਸਵੀਰ ਦੇਖੋ) ਤੱਕ ਪਹੁੰਚ ਜਾਂਦੀ ਹੈ, ਤਾਂ ਉਹ ਕੱਟਣ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਇਸ ਦੇ ਨਾਲ, ਪੂਰੇ ਪੌਦੇ ਵਿੱਚ ਡ੍ਰਾਈ ਮੈਟਰ ਦੀ ਮਾਤਰਾ 30% ਤੋਂ 36% ਹੋਣੀ ਚਾਹੀਦੀ ਹੈ, ਤਾਂ ਜੋ ਸਾਈਲੇਜ਼ ਨੂੰ ਚੰਗੀ ਤਰ੍ਹਾਂ ਦੱਬਿਆ ਜਾ ਸਕੇ ਅਤੇ ਫਰਮੈਂਟੇਸ਼ਨ ਠੀਕ ਤਰ੍ਹਾਂ ਹੋ ਸਕੇ। ਜੇਕਰ ਡ੍ਰਾਈ ਮੈਟਰ 38% ਤੋਂ ਵੱਧ ਹੋ ਜਾਂਦਾ ਹੈ ਜਾਂ ਮਿਲਕ ਲਾਈਨ 3 ਨੰਬਰ ਤੋਂ ਹੇਠਾਂ ਚਲੀ ਜਾਂਦੀ ਹੈ, ਤਾਂ ਪਚਣ ਦੀ ਸਮੱਸਿਆ ਆ ਸਕਦੀ ਹੈ ਅਤੇ ਸਟਾਰਚ ਹਾਜ਼ਮ ਹੋਣ ਦੀ ਬਜਾਏ ਗੋਹੇ ਰਾਹੀਂ ਨਿਕਲ ਜਾਂਦਾ ਹੈ। ਜੇਕਰ ਕਿਸੇ ਕਾਰਨ ਮੱਕੀ ਲੋੜ ਤੋਂ ਵੱਧ ਪੱਕ ਗਈ ਹੋਵੇ, ਤਾਂ ਕੱਟਣ ਦੀ ਲੰਬਾਈ ਹੋਰ ਘੱਟ ਕਰੋ ਅਤੇ ਕੋਰਨ ਕਰੈਕਰ ਵਾਲੀ ਮਸ਼ੀਨ ਦੀ ਵਰਤੋਂ ਕਰੋ। ਡ੍ਰਾਈ ਮੈਟਰ ਮਾਤਰਾ ਦੀ ਜਾਂਚ ਮਾਈਕਰੋਵੇਵ ਵਿਧੀ ਜਾਂ ਲੈਬ ਰਾਹੀਂ ਕਰਨੀ ਚਾਹੀਦੀ ਹੈ।
ਮੱਕੀ ਸਹੀ ਤਰੀਕੇ ਨਾਲ ਕੁਤਰੀ ਹੋਣੀ ਚਾਹੀਦੀ ਹੈ। ਚੋਪ ਕਰਨ ਦੀ ਲੰਬਾਈ ਡ੍ਰਾਈ ਮੈਟਰ ਉੱਤੇ ਨਿਰਭਰ ਕਰਦੀ ਹੈ ਪਰ ਆਮ ਤੌਰ ’ਤੇ 1 ਤੋਂ 1.5 cm ਹੋਣੀ ਚਾਹੀਦੀ ਹੈ। ਸਹੀ ਲੰਬਾਈ ਅਤੇ ਨਮੀ ਦੀ ਮਾਤਰਾ ਸਾਈਲੇਜ਼ ਨੂੰ ਚੰਗੀ ਤਰ੍ਹਾਂ ਦੱਬਣ ਵਿੱਚ ਮਦਦ ਕਰਦੀ ਹੈ ਜਿਸ ਨਾਲ ਉਸ ਵਿੱਚ ਹਵਾ ਘੱਟ ਰਹਿੰਦੀ ਹੈ। ਜੇਕਰ ਕੋਰਨ ਕਰੈਕਰ ਉਪਲੱਬਧ ਹੈ, ਤਾਂ ਇਹ ਦਾਣਿਆਂ ਨੂੰ ਬਰੀਕ ਕਰ ਦਿੰਦਾ ਹੈ, ਜਿਸ ਨਾਲ ਸਟਾਰਚ ਚੰਗੀ ਤਰ੍ਹਾਂ ਪਚਦਾ ਹੈ ਅਤੇ ਖ਼ੁਰਾਕ ਦੀ ਬਰਬਾਦੀ ਘੱਟ ਹੁੰਦੀ ਹੈ। ਜੇ ਇਹ ਉਪਲੱਬਧ ਨਹੀਂ ਹੈ ਤਾਂ ਕੱਟਣ ਦੀ ਲੰਬਾਈ ਹੋਰ ਘੱਟ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਸਾਈਲੇਜ਼ ਵਿੱਚ ਸਾਬਤ ਦਾਣੇ ਨਾ ਰਹਿਣ।
ਕੁਤਰੀ ਹੋਈ ਮੱਕੀ ਨੂੰ ਜਿੰਨਾ ਜਲਦੀ ਹੋ ਸਕੇ, ਸਾਇਲੋ ਤੱਕ ਲਿਜਾਇਆ ਜਾਣਾ ਚਾਹੀਦਾ ਹੈ। ਜੇਕਰ ਤੁਸੀਂ 2–4 ਘੰਟਿਆਂ ਦੇ ਅੰਦਰ ਇਸਨੂੰ ਨਹੀਂ ਦੱਬਦੇ, ਤਾਂ ਡ੍ਰਾਈ ਮੈਟਰ ਦਾ ਨੁਕਸਾਨ 27% ਤੋਂ ਵੱਧ ਹੋ ਸਕਦਾ ਹੈ। ਇਸ ਲਈ, ਯਤਨ ਕਰੋ ਕਿ ਕੁਤਰਨ ਤੋਂ 1–2 ਘੰਟਿਆਂ ਅੰਦਰ ਪ੍ਰੈਸਿੰਗ ਕਰ ਦਿੱਤੀ ਜਾਵੇ।
ਗੁਣਵੱਤਾ ਵਾਲਾ ਸਾਈਲੇਜ਼ ਬਣਾਉਣ ਲਈ ਸਿਰਫ਼ ਮੱਕੀ ਨੂੰ ਕੁਤਰਨਾ ਹੀ ਕਾਫੀ ਨਹੀਂ ਹੁੰਦਾ, ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਸਾਇਲੋ ਨੂੰ ਕਿਵੇਂ ਤਿਆਰ ਕਰਦੇ ਹੋ, ਉਸ ਨੂੰ ਭਰਨ, ਦਬਾਉਣ ਅਤੇ ਢੱਕਣ ਦੇ ਕੰਮ ਢੰਗ ਨਾਲ ਕੀਤੇ ਜਾਂਦੇ ਹਨ ਜਾਂ ਨਹੀਂ। ਜੇ ਇਹ ਸਹੀ ਤਰੀਕੇ ਨਾਲ ਨਾ ਕੀਤੇ ਜਾਣ, ਤਾਂ ਚੰਗੀ ਮੱਕੀ ਵੀ ਖ਼ਰਾਬ ਹੋ ਸਕਦੀ ਹੈ।
ਸਾਇਲੋ ਦੀ ਤਿਆਰੀ ਕੱਟਾਈ ਤੋਂ ਪਹਿਲਾਂ ਹੋ ਜਾਵੇ, ਤਾਂ ਵਧੀਆ ਰਹਿੰਦੀ ਹੈ। ਸਾਇਲੋ ਨੂੰ ਸਾਫ਼ ਕਰਨਾ — ਪੁਰਾਣਾ ਸਾਈਲੇਜ਼, ਮਿੱਟੀ ਅਤੇ ਖੱਡਿਆਂ ਨੂੰ ਹਟਾਉਣਾ — ਬਹੁਤ ਜ਼ਰੂਰੀ ਹੈ, ਕਿਉਂਕਿ ਪੁਰਾਣਾ ਸਾਈਲੇਜ਼ ਨਵੀਂ ਭਰਾਈ ਨੂੰ ਖ਼ਰਾਬ ਕਰ ਸਕਦਾ ਹੈ। ਜੇ ਲੋੜ ਹੋਵੇ ਤਾਂ ਸਾਇਲੋ ਨੂੰ ਧੋ ਲਵੋ ਅਤੇ ਟੁੱਟੀਆਂ ਕੰਦਾਂ ਜਾਂ ਫਰਸ਼ ਦੀ ਮੁਰੰਮਤ ਕਰੋ। ਨਾਲ ਹੀ ਪਾਣੀ ਨਿਕਾਸ ਦੀ ਜਾਂਚ ਕਰੋ — ਉੱਪਰਲੇ ਹਿੱਸਿਆਂ ਤੋਂ ਪਾਣੀ ਸਹੀ ਢੰਗ ਨਾਲ ਨਿਕਲਣਾ ਚਾਹੀਦਾ ਹੈ ਅਤੇ ਸਾਇਲੋ ਦੇ ਅੰਦਰ ਥੋੜ੍ਹੀ ਢਾਲ ਹੋਣੀ ਚਾਹੀਦੀ ਹੈ ਤਾਂ ਜੋ ਵਾਧੂ ਪਾਣੀ ਬਾਹਰ ਨਿਕਲ ਸਕੇ।
ਸਾਇਲੋ ਦੀ ਭਰਾਈ, ਕੱਟਾਈ ਦੇ ਨਾਲ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਜਿੰਨੀ ਦੇਰ ਹੋਵੇਗੀ, ਓਨਾਂ ਪੌਸ਼ਟਿਕ ਤੱਤ ਨਸ਼ਟ ਹੋ ਸਕਦਾ ਹੈ। ਮੱਕੀ ਨੂੰ 6–8 ਇੰਚ ਦੀ ਪਤਲੀ ਪਰਤ ਵਿੱਚ ਪੂਰੇ ਸਾਇਲੋ ਵਿੱਚ ਫੈਲਾਓ, ਇਕੱਠੇ ਢੇਰ ਨਾ ਲਗਾਓ। ਲਗਾਤਾਰ ਕੰਮ ਚਲਾਉਣ ਲਈ ਦਿਨ-ਰਾਤ ਦੀ ਯੋਜਨਾ ਬਣਾਓ ਅਤੇ 2–3 ਦਿਨਾਂ ਵਿੱਚ ਭਰਾਈ ਮੁਕੰਮਲ ਕਰੋ। ਅਧੂਰਾ ਛੱਡਿਆ ਗਿਆ ਸਾਇਲੋ ਖ਼ਰਾਬੀ ਦਾ ਕਾਰਨ ਬਣ ਸਕਦਾ ਹੈ।
ਦਬਾਉਣਾ (ਕੰਪੈਕਟ ਕਰਨਾ) ਵੀ ਇੰਨਾ ਹੀ ਜ਼ਰੂਰੀ ਹੈ, ਕਿਉਂਕਿ ਸਾਈਲੇਜ਼ ਵਿੱਚੋਂ ਹਵਾ ਕੱਢਣ ਤੋਂ ਬਿਨਾਂ ਫਰਮੈਂਟੇਸ਼ਨ ਚੰਗੀ ਤਰ੍ਹਾਂ ਨਹੀਂ ਹੁੰਦੀ। ਹਰ ਪਰਤ ’ਤੇ ਟਰੈਕਟਰ ਨੂੰ ਹੌਲੀ ਹੌਲੀ ਚਲਾਕੇ ਦਬਾਓ ਅਤੇ ਇਹ ਪੱਕਾ ਕਰੋ ਕਿ ਸਾਇਲੋ ਦੇ ਕੋਨੇ-ਕੋਨੇ ਤੱਕ ਕੰਪੈਕਸ਼ਨ ਹੋ ਰਹੀ ਹੈ। ਕਈ ਵਾਰ ਦਬਾਓ ਅਤੇ ਟਰੈਕਟਰ ਨੂੰ ਟੇਡਾ ਕਰਕੇ ਕੰਧ ਦੇ ਬਿਲਕੁਲ ਨਾਲ-ਨਾਲ ਚਲਾਓ ਤਾਂ ਜੋ ਕੋਈ ਜਗ੍ਹਾ ਨਾ ਛੱਡੀ ਜਾਵੇ। ਆਖ਼ਰੀ ਪਰਤ ਤੋਂ ਬਾਅਦ ਵੀ ਦਬਾਉਣਾ ਜਾਰੀ ਰੱਖੋ।
ਸਾਇਲੋ ਨੂੰ ਢੱਕਣਾ ਆਖਰੀ ਅਤੇ ਫੈਸਲਾ ਕੁਨ ਪੜਾਅ ਹੈ। ਭਰਾਈ ਦੇ ਦਿਨ ਹੀ ਸਾਇਲੋ ਨੂੰ ਚੰਗੀ ਮੋਟੀ ਚਾਦਰ ਨਾਲ ਢੱਕਣਾ ਚਾਹੀਦਾ ਹੈ। ਜੇ ਹੋ ਸਕੇ, ਦੋ-ਪਰਤ ਵਿਧੀ ਵਰਤੀ ਜਾਵੇ — ਪਹਿਲਾਂ ਇੱਕ ਪਤਲਾ ਕਾਗਜ਼ ਅਤੇ ਫਿਰ ਉੱਤੇ ਮੋਟੀ ਚਾਦਰ। ਸਿਰਫ਼ ਇੱਕ ਮੋਟੀ ਚਾਦਰ ਲਗਾਉਣ ਨਾਲ ਅੰਦਰ ਹਵਾ ਰਹਿ ਜਾਂਦੀ ਹੈ। ਚਾਦਰ ਉੱਤੇ ਭਾਰ ਰੱਖੋ — ਜਿਵੇਂ ਟਾਇਰ ਅਤੇ ਰੇਤੇ ਨਾਲ ਭਰੀਆਂ ਬੋਰੀਆਂ ਤਾਂ ਜੋ ਕੋਈ ਵੀ ਹਿੱਸੇ ਵਿੱਚ ਹਵਾ ਨਾ ਰਹੇ। ਚਾਦਰ ਦੇ ਕਿਨਾਰੇ ਕੰਧ ਦੇ ਨਾਲ ਦਬਾ ਦਿਓ ਜਾਂ ਉੱਤੇ ਮਿੱਟੀ ਰੱਖੋ, ਤਾਂ ਜੋ ਪਾਣੀ ਅੰਦਰ ਨਾ ਜਾ ਸਕੇ।
ਵਿਕਲਪਕ ਤੌਰ ਤੇ, ਉੱਪਰ ਵਾਲੇ ਹਿੱਸੇ ਨੂੰ ਧੁੱਪ, ਮੀਂਹ ਜਾਂ ਜਨਵਰਾਂ ਤੋਂ ਬਚਾਉਣ ਲਈ ਗਰੀਨ ਨੈਟ ਵਰਤੀ ਜਾ ਸਕਦੀ ਹੈ। ਪਹਿਲੇ 3 ਹਫ਼ਤਿਆਂ ਵਿੱਚ ਨਿਗਰਾਨੀ ਖ਼ਾਸ ਕਰਕੇ, ਬਹੁਤ ਜ਼ਰੂਰੀ ਹੈ। ਢੱਕਣ ਤੋਂ ਤੁਰੰਤ ਬਾਅਦ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ, ਇਸ ਲਈ ਪਹਿਲੇ 21–30 ਦਿਨ ਤੱਕ ਸਾਇਲੋ ਨੂੰ ਨਾ ਖੋਲ੍ਹੋ। ਤਿੰਨ ਹਫ਼ਤਿਆਂ ਤੋਂ ਬਾਅਦ ਸਾਈਲੇਜ਼ ਪਸ਼ੂਆਂ ਨੂੰ ਖਵਾਇਆ ਜਾ ਸਕਦਾ ਹੈ।
ਸਾਇਲੋ ਨੂੰ ਢੰਗ ਨਾਲ ਖੋਲ੍ਹਣਾ ਅਤੇ ਬੰਦ ਕਰਨਾ ਸਾਈਲੇਜ਼ ਦੀ ਗੁਣਵੱਤਾ ਬਣਾਏ ਰੱਖਣ ਲਈ ਬਹੁਤ ਜ਼ਰੂਰੀ ਹੈ। ਜਦੋਂ ਸਾਇਲੋ ਨੂੰ ਬੰਦ ਕੀਤੇ 21 ਤੋਂ 30 ਦਿਨ ਹੋ ਜਾਂਦੇ ਹਨ, ਤਾਂ ਉਸ ਦੀ ਫਰਮੈਂਟੇਸ਼ਨ ਹੋ ਜਾਂਦੀ ਹੈ ਅਤੇ ਸਾਈਲੇਜ਼ ਪਸ਼ੂਆਂ ਲਈ ਖਾਣ ਯੋਗ ਹੋ ਜਾਂਦਾ ਹੈ। ਪਰ ਇਸਨੂੰ ਤਦ ਹੀ ਖੋਲ੍ਹਣਾ ਚਾਹੀਦਾ ਹੈ ਜਦੋਂ ਰੋਜ਼ਾਨਾ ਚਾਰਾ ਕੱਢ ਕੇ ਖਵਾਉਣ ਦੀ ਯੋਜਨਾ ਹੋਵੇ। ਸਾਇਲੋ ਹਮੇਸ਼ਾ ਇੱਕ ਪਾਸੇ ਤੋਂ ਖੋਲ੍ਹਣਾ ਚਾਹੀਦਾ ਹੈ; ਕਦੇ ਵੀ ਵਿਚਕਾਰ ਜਾਂ ਉਪਰੋਂ ਨਾ ਖੋਲ੍ਹੋ। ਹਰ ਰੋਜ਼ ਘੱਟੋ-ਘੱਟ ਇੱਕ ਫੁੱਟ ਦੀ ਪਰਤ, ਪੂਰੀ ਚੌੜਾਈ ਵਿੱਚ ਹਟਾਓ, ਤਾਂ ਜੋ ਅੰਦਰ ਹਵਾ ਨਾ ਜਾਵੇ ਅਤੇ ਚਾਰਾ ਲੰਮੇ ਸਮੇਂ ਲਈ ਸੁਰੱਖਿਅਤ ਰਹੇ।
ਸਾਇਲੋ ਖੋਲ੍ਹਣ ਵੇਲੇ ਸਭ ਤੋਂ ਪਹਿਲਾਂ ਉਸ ’ਤੇ ਰੱਖੇ ਭਾਰ (ਟਾਇਰ, ਬੋਰੀਆਂ ਆਦਿ) ਹਟਾਓ। ਫਿਰ ਸਿਰਫ਼ ਉਥੋਂ ਹੀ ਪਲਾਸਟਿਕ ਦੀ ਚਾਦਰ ਹਟਾਓ ਜਿੱਥੋਂ ਚਾਰਾ ਲੈਣਾ ਹੋਵੇ, ਤਾਂ ਜੋ ਬਾਕੀ ਸਾਈਲੇਜ਼ ਹਵਾ ਦੇ ਸੰਪਰਕ ਵਿੱਚ ਨਾ ਆਵੇ। ਸਾਈਲੇਜ਼ ਕੱਢਣ ਲਈ ਸਾਫ਼ ਅਤੇ ਸਹੀ ਸੰਦ ਵਰਤੋ, ਜਿਵੇਂ ਪੰਜਾ ਜਾਂ ਲੋਡਰ, ਤਾਂ ਜੋ ਚਾਰਾ ਖ਼ਰਾਬ ਨਾ ਹੋਵੇ। ਪਸ਼ੂਆਂ ਨੂੰ ਕਦੇ ਵੀ ਸਾਇਲੋ ਦੇ ਅੰਦਰ ਚਾਰਾ ਖਾਣ ਦੀ ਇਜਾਜ਼ਤ ਨਾ ਦਿਓ, ਕਿਉਂਕਿ ਉਹ ਸਾਈਲੇਜ਼ ਨੂੰ ਗੰਦਾ ਕਰ ਸਕਦੇ ਹਨ ਅਤੇ ਇਸ ਨਾਲ ਖ਼ਰਾਬੀ ਵਧਦੀ ਹੈ।
ਚਾਰਾ ਕੱਢਣ ਤੋਂ ਬਾਅਦ, ਤੁਰੰਤ ਚਾਦਰ ਵਾਪਸ ਤੰਗ ਕਰਕੇ ਲਗਾਓ ਅਤੇ ਉਸ ’ਤੇ ਮੁੜ ਭਾਰ ਰੱਖੋ — ਜਿਵੇਂ ਟਾਇਰ ਜਾਂ ਬੋਰੀਆਂ। ਚਾਦਰ ਦੇ ਕਿਨਾਰੇ ਵੀ ਚੰਗੀ ਤਰ੍ਹਾਂ ਬੰਦ ਕਰੋ ਤਾਂ ਜੋ ਹਵਾ ਜਾਂ ਪਾਣੀ ਅੰਦਰ ਨਾ ਜਾ ਸਕੇ। ਹਰ ਰੋਜ਼ ਚਾਦਰ ਦੀ ਜਾਂਚ ਕਰੋ, ਦੇਖੋ ਕਿ ਉਸ ਵਿੱਚ ਪਸ਼ੂਆਂ ਜਾਂ ਮੌਸਮ ਕਾਰਨ ਕੋਈ ਛੇਦ ਤਾਂ ਨਹੀਂ ਬਣ ਗਿਆ। ਜੇ ਬਣ ਗਿਆ ਹੋਵੇ ਤਾਂ ਉਸ ਨੂੰ ਤੁਰੰਤ ਸਾਈਲੇਜ਼ ਟੇਪ ਜਾਂ ਹੋਰ ਚਾਦਰ ਨਾਲ ਠੀਕ ਕਰੋ।
ਜਦੋਂ ਸਾਇਲੇਜ ਖਵਾਉਣ ਦੀ ਗੱਲ ਆਉਂਦੀ ਹੈ, ਤਾਂ ਸਾਈਲੇਜ਼ ਕਦੇ ਵੀ ਇਕੱਲਾ ਨਾ ਖਵਾਓ। ਸਾਈਲੇਜ਼ ਖਵਾਉਂਦੇ ਸਮੇਂ ਗਾਂ ਦੀ ਸਰੀਰਕ ਸਥਿਤੀ ਅਤੇ ਦੁੱਧ ਦੇਣ ਦੀ ਸਮਰੱਥਾ ਦਾ ਧਿਆਨ ਰੱਖਣਾ ਚਾਹੀਦਾ ਹੈ, ਅਤੇ ਉਸ ਅਨੁਸਾਰ ਸੰਤੁਲਿਤ ਫ਼ੀਡ ਬਣਾ ਕੇ ਦੇਣੀ ਚਾਹੀਦੀ ਹੈ।
ਅੰਤ ਵਿੱਚ, ਮੱਕੀ ਦਾ ਸਾਈਲੇਜ਼ ਸਹੀ ਢੰਗ ਨਾਲ ਬਣਾਉਣਾ, ਪਸ਼ੂਆਂ ਲਈ ਪੂਰੇ ਸਾਲ ਪੌਸ਼ਟਿਕ ਤੇ ਉੱਚ ਗੁਣਵੱਤਾ ਵਾਲੀ ਖ਼ੁਰਾਕ ਮੁਹੱਈਆ ਕਰਵਾਉਣ ਲਈ ਬਹੁਤ ਜ਼ਰੂਰੀ ਹੈ। ਠੀਕ ਸਮੇਂ ਕੱਟਾਈ, ਚੰਗੀ ਤਰ੍ਹਾਂ ਪ੍ਰੈਸ ਕਰਨਾ ਅਤੇ ਹਵਾ ਤੋਂ ਬਚਾ ਕੇ ਸੰਭਾਲ ਕੇ ਰੱਖਣਾ—ਇਹ ਸਾਰੇ ਕਦਮ ਮੱਕੀ ਦੀ ਪੂਰੀ ਊਰਜਾ ਸਾਂਭਣ ਵਿੱਚ ਮਦਦ ਕਰਦੇ ਹਨ। ਅੱਜ ਸਾਈਲੇਜ਼ ਬਣਾਉਣ ਵਿੱਚ ਲਗਾਈ ਮਿਹਨਤ ਭਵਿੱਖ ਵਿੱਚ ਵਧੀਆ ਦੁੱਧ ਉਤਪਾਦਨ, ਪਸ਼ੂਆਂ ਦੀ ਸਿਹਤ ਅਤੇ ਘੱਟ ਖ਼ੁਰਾਕ ਖ਼ਰਚ ਰੂਪ ਵਿੱਚ ਵਾਪਸ ਮਿਲਦੀ ਹੈ।