ਗਾਵਾਂ ਲਈ ਕਿਊਬੀਕਲਸ ਦੇ ਡਿਜ਼ਾਈਨ
ਗਾਵਾਂ ਲਈ ਕਿਊਬੀਕਲਸ ਦੇ ਡਿਜ਼ਾਈਨ
ਡੇਅਰੀ ਫਾਰਮਿੰਗ ਲਈ ਸ਼ੈੱਡ ਬਣਾਉਂਦੇ ਸਮੇਂ ਸ਼ੈੱਡ ਲਈ ਥਾਂ ਦੀ ਬਣਤਰ ਜਾਂ ਫਲੋਰ ਪਲੈਨ ਸਭ ਤੋਂ ਪਹਿਲਾਂ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਗਾਵਾਂ ਦੇ ਬੈਠਣ ਦੀ ਥਾਂ, ਉਹਨਾਂ ਦੇ ਲੰਘਣ ਲਈ ਰਾਸਤਾ, ਪਾਣੀ, ਖ਼ੁਰਾਕ ਤੇ ਸਾਫ਼-ਸਫ਼ਾਈ ਵਾਲੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਹ ਯੋਜਨਾ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ਕਿ ਉਹ ਆਸਾਨੀ ਨਾਲ ਚੱਲ ਸਕੇ, ਭਵਿੱਖ ਵਿੱਚ ਵਧਾਈ ਵੀ ਜਾ ਸਕੇ ਅਤੇ ਜਿਸ ਵਿੱਚ ਖ਼ਰਚ ਵੀ ਘੱਟ ਆਵੇ।
MAY 2025
TEAM DAIRY GUARDIAN
ਸਭ ਤੋਂ ਪਹਿਲਾਂ ਹਰ ਇੱਕ ਹਿੱਸੇ ਦੀ ਯੋਜਨਾ ਬਣਾਓ – ਜਿਵੇਂ ਕਿ ਗਾਵਾਂ ਦੇ ਬੈਠਣ ਵਾਲੀ ਥਾਂ, ਰਾਹਦਾਰੀ, ਪਾਣੀ ਦੀ ਖੇਲ਼, ਖ਼ੁਰਾਕ ਰੱਖਣ ਦੀ ਥਾਂ ਆਦਿ। ਫਿਰ ਸੋਚੋ ਕਿ ਇਹ ਸਾਰੇ ਹਿੱਸੇ ਕਿਵੇਂ ਮਿਲ ਕੇ ਇੱਕ ਪੂਰੀ ਤੇ ਚੰਗੀ ਯੋਜਨਾ ਬਣਾ ਸਕਦੇ ਹਨ।
ਹੋਲਸਟਿਨ ਗਾਵਾਂ ਲਈ ਕਿਊਬੀਕਲ ਦੀ ਚੌੜਾਈ ਵੱਖ-ਵੱਖ ਹਾਲਤਾਂ ਵਿੱਚ ਇਹ ਹੋਣੀ ਚਾਹੀਦੀ ਹੈ:
• ਪਹਿਲੀ ਵਾਰੀ ਦੁੱਧ ਦੇਣ ਵਾਲੀਆਂ ਗਾਵਾਂ ਲਈ: 4 ਫੁੱਟ
• ਦੁੱਧ ਦੇ ਰਹੀਆਂ ਗਾਵਾਂ ਲਈ: 4.4 ਫੁੱਟ
• ਡ੍ਰਾਈ ਗਾਵਾਂ ਲਈ: 4.5 ਫੁੱਟ
ਜਦੋਂ ਕਿਊਬੀਕਲਸ ਦੀਆਂ ਦੋ ਕਤਾਰਾਂ ਹੈੱਡ ਟੂ ਹੈੱਡ ਵਾਲੀ ਬਣਤਰ (ਜਿਸ ਵਿੱਚ ਗਾਵਾਂ ਇੱਕ ਦੂਜੇ ਵੱਲ ਮੂੰਹ ਕਰਕੇ ਬੈਠਦੀਆਂ ਹਨ) ਵਿੱਚ ਬਣਾਈ ਜਾਂਦੀ ਹੈ, ਤਾਂ ਪਲੇਟਫਾਰਮ ਦੀ ਲੰਬਾਈ 18 ਫੁੱਟ ਹੋਣੀ ਚਾਹੀਦੀ ਹੈ। ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਗਾਂ ਅੱਗੇ ਵੱਲ ਆਸਾਨੀ ਨਾਲ ਲੰਘ ਸਕੇ ਅਤੇ ਸਾਹਮਣੇ ਵਾਲੀ ਗਾਂ ਨਾਲ ਟਕਰਾਵੇ ਨਾ। ਜੇ ਇਹ ਲੰਬਾਈ 18 ਫੁੱਟ ਤੋਂ ਘੱਟ ਹੋਵੇ, ਤਾਂ ਗਾਂਵਾਂ ਨੂੰ ਸਾਹਮਣੇ ਵਾਲੀ ਕਿਊਬੀਕਲ ਵਿੱਚ ਬੈਠਣ ਵਿੱਚ ਝਿੱਜਕ ਹੋ ਸਕਦੀ ਹੈ। ਇੱਕ ਕਤਾਰ ਵਾਲੇ ਕਿਊਬੀਕਲਸ ਦੀ ਲੰਬਾਈ 10 ਫੁੱਟ ਹੋਣੀ ਚਾਹੀਦੀ ਹੈ।
ਇਹ ਉਹ ਰਾਸਤਾ ਹੈ ਜਿੱਥੇ ਗਾਂਵਾਂ ਕਿਊਬੀਕਲਸ ਦੀਆਂ ਕਤਾਰਾਂ ਵਿਚ ਆਵਾਜਾਈ ਕਰਦੀਆਂ ਹਨ।
• ਟੇਲ-ਟੂ-ਟੇਲ (ਪਿੱਠ ਨਾਲ ਪਿੱਠ) ਸ਼ੈੱਡ ਵਿੱਚ, ਇਹ ਰਾਸਤੇ ਦੋ ਕਿਊਬੀਕਲਸ ਦੀਆਂ ਕਤਾਰਾਂ ਦੇ ਵਿਚਕਾਰ ਹੁੰਦੇ ਹਨ।
• ਹੈੱਡ-ਟੂ-ਹੈੱਡ (ਮੂੰਹ ਨਾਲ ਮੂੰਹ) ਸ਼ੈੱਡ ਵਿੱਚ, ਇਹ ਰਾਸਤੇ ਬਾਹਰੀ ਕਿਊਬੀਕਲਸ ਦੀ ਕਤਾਰ ਅਤੇ ਕੰਧ ਦੇ ਵਿਚਕਾਰ ਬਣਦੇ ਹਨ।
ਰਾਸਤੇ ਦੀ ਚੌੜਾਈ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਹੜਾ ਸਾਜੋ-ਸਾਮਾਨ, ਸਾਫ਼-ਸਫ਼ਾਈ ਜਾਂ ਕਿਊਬੀਕਲਸ ਵਿੱਚ ਰੇਤਾ ਪਾਉਣ ਲਈ ਵਰਤ ਰਹੇ ਹੋ। ਇਸ ਦੀ ਘੱਟੋ-ਘੱਟ ਚੌੜਾਈ 8 ਫੁੱਟ ਹੋਣੀ ਚਾਹੀਦੀ ਹੈ।
ਇਹ ਉਹ ਰਸਤਾ ਹੁੰਦਾ ਹੈ ਜੋ ਕਿਊਬੀਕਲਸ ਦੀ ਕਤਾਰ ਅਤੇ ਖ਼ੁਰਾਕ ਵਾਲੀ ਖੁਰਲ਼ੀ ਦੇ ਵਿਚਕਾਰ ਹੁੰਦਾ ਹੈ।
• ਟੇਲ-ਟੂ-ਟੇਲ ਸ਼ੈੱਡ ਵਿੱਚ, ਜਿੱਥੇ ਗਾਂਵਾਂ ਖ਼ੁਰਾਕ ਵਾਲੀ ਖੁਰਲ਼ੀ ਵੱਲ ਲੰਘਦੀਆਂ ਹਨ, ਤਾਂ 12 ਫੁੱਟ ਦੀ ਚੌੜਾਈ ਠੀਕ ਰਹਿੰਦੀ ਹੈ।
• ਹੈੱਡ-ਟੂ-ਹੈੱਡ ਸ਼ੈੱਡ ਵਿੱਚ, ਜਿੱਥੇ ਗਾਂਵਾਂ ਕਿਊਬੀਕਲਸ ਤੋਂ ਨਿਕਲ ਕੇ ਖ਼ੁਰਾਕ ਵਾਲੀ ਖੁਰਲ਼ੀ ਵਿੱਚ ਆਉਂਦੀਆਂ ਹਨ, ਤਾਂ ਵੀ 12 ਫੁੱਟ ਚੌੜਾਈ ਚੰਗੀ ਮੰਨੀ ਜਾਂਦੀ ਹੈ, ਪਰ 14 ਫੁੱਟ ਹੋਣੀ ਹੋਰ ਵਧੀਆ ਰਹਿੰਦੀ ਹੈ, ਤਾਂ ਜੋ ਗਾਂਵਾਂ ਦੀ ਆਵਾਜਾਈ ਵਿੱਚ ਅਸਾਨੀ ਰਹੇ।
ਜੇਕਰ ਇੰਨੀ ਚੌੜਾਈ ਦੇਣੀ ਸੰਭਵ ਨਾ ਹੋਵੇ, ਤਾਂ ਗਾਂਵਾਂ ਦੀ ਭੀੜ ਘੱਟ ਕਰਨ ਲਈ ਵੱਧ ਕ੍ਰਾਸਓਵਰ ਰਾਹ (crossovers) ਬਣਾਏ ਜਾ ਸਕਦੇ ਹਨ, ਤਾਂ ਜੋ ਗਾਵਾਂ ਇੱਕ ਪਾਸੇ ਤੋਂ ਦੂਜੇ ਪਾਸੇ ਆਸਾਨੀ ਨਾਲ ਜਾ ਸਕਣ।
ਜਿੱਥੇ ਖ਼ੁਰਾਕ ਵੰਡਣ ਵਾਲੇ ਵਾਹਨ ਜਾਂ TMR ਸਿੱਧੀ ਲੰਘਦੀ ਹੋਵੇ, ਉਹ ਰਾਸਤਾ ਇੰਨਾ ਚੌੜਾ ਹੋਣਾ ਚਾਹੀਦਾ ਹੈ ਕਿ ਸਾਰਾ ਸਾਜੋ-ਸਾਮਾਨ ਆਸਾਨੀ ਨਾਲ ਚੱਲ ਸਕੇ। ਇਸ ਰਾਸਤੇ ਦੀ ਚੌੜਾਈ ਘੱਟੋ-ਘੱਟ 16 ਫੁੱਟ ਹੋਣੀ ਚਾਹੀਦੀ ਹੈ, ਤਾਂ ਜੋ ਵਾਹਨ ਖ਼ੁਰਾਕ ਉੱਤੇ ਨਾ ਚੱਲਣ। ਇਸ ਦੇ ਦਰਵਾਜ਼ੇ ਵੀ ਰਾਸਤੇ ਦੇ ਅਨੁਸਾਰ ਚੌੜੇ ਬਣਾਏ ਜਾਣੇ ਚਾਹੀਦੇ ਹਨ, ਤਾਂ ਜੋ ਮਸ਼ੀਨ ਜਾਂ ਟਰੈਕਟਰ ਟਕਰਾ ਕੇ ਨੁਕਸਾਨ ਨਾ ਕਰਨ। ਦਰਵਾਜ਼ਿਆਂ ਨੂੰ ਬਾਹਰਲੇ ਪਾਸੇ ਖੰਬੇ ਲਾ ਕੇ ਬਚਾਅ ਦਿੱਤਾ ਜਾਣਾ ਚਾਹੀਦਾ ਹੈ। ਇਹ ਖੰਭੇ ਲੋਹੇ ਦੇ ਪਾਈਪ ਹੁੰਦੇ ਹਨ ਜੋ ਅੰਦਰੋਂ ਸੀਮੈਂਟ ਨਾਲ ਭਰੇ ਜਾਂਦੇ ਹਨ।
ਜਦੋਂ ਰਿਹਾਇਸ਼ੀ ਬਣਤਰ ਦੀ ਯੋਜਨਾ ਬਣਾਈ ਜਾ ਰਹੀ ਹੋਵੇ, ਤਾਂ ਗਾਂਵਾਂ ਦੇ ਗਰੁੱਪਾਂ ਦੀ ਗਿਣਤੀ ਅਤੇ ਪੈਨਾਂ ਦੇ ਆਕਾਰ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਛੋਟੇ ਗਰੁੱਪ ਨੂੰ ਬਹੁਤ ਸਾਰੇ ਵੱਡੇ ਗਰੁੱਪਾਂ ਵਿੱਚ ਵੰਡਣਾ ਮੁਸ਼ਕਿਲ ਹੋ ਸਕਦਾ ਹੈ। ਗਰੁੱਪ ਦਾ ਆਕਾਰ ਇੰਨਾ ਹੋਣਾ ਚਾਹੀਦਾ ਹੈ ਕਿ ਉਹ ਪਾਰਲਰ ਦੇ ਆਕਾਰ ਦੇ ਨਾਲ ਮੇਲ ਖਾਂਦਾ ਹੋਵੇ, ਤਾਂ ਕਿ ਜਦੋਂ ਗਰੁੱਪ ਦੀ ਆਖਰੀ ਗਾਂ ਦੁੱਧ ਦੇ ਰਹੀ ਹੋਵੇ, ਤਾਂ ਪਾਰਲਰ ਪੂਰਾ ਜਾਂ ਤਕਰੀਬਨ ਪੂਰਾ ਭਰਿਆ ਹੋਵੇ। ਇਹ ਤਰੀਕਾ ਕੰਮ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ।
ਕ੍ਰਾਸਓਵਰ ਗਾਂਵਾਂ ਨੂੰ ਇੱਕ ਰਾਸਤੇ ਤੋਂ ਦੂਜੇ ਰਾਸਤੇ ਵਿੱਚ ਜਾਣ ਦੀ ਆਜ਼ਾਦੀ ਦਿੰਦੇ ਹਨ। ਇਹ ਇਸ ਤਰ੍ਹਾਂ ਬਣੇ ਹੋਣੇ ਚਾਹੀਦੇ ਹਨ ਕਿ ਗਾਂਵਾਂ ਨੂੰ ਖੁਰਲ਼ੀ ਅਤੇ ਕਿਊਬੀਕਲਸ ਤੱਕ ਪਹੁੰਚਣ ਵਿੱਚ ਰੁਕਾਵਟ ਨਾ ਆਵੇ, ਪਰ ਇਸ ਵਿੱਚੋਂ ਬਹੁਤ ਜ਼ਿਆਦਾ ਗਾਂਵਾਂ ਵੀ ਨਾ ਲੰਘ ਸਕਣ।
ਕ੍ਰਾਸਓਵਰ ਦੀ ਚੌੜਾਈ ਇੰਨੀ ਹੋਣੀ ਚਾਹੀਦੀ ਹੈ ਕਿ ਗਾਂਵਾਂ ਕਿਸੇ ਵੀ ਸਮੇਂ ਕ੍ਰਾਸਓਵਰ ਨੂੰ ਰੋਕ ਨਾ ਸਕਣ, ਖ਼ਾਸ ਕਰਕੇ ਜਦੋਂ ਪਾਣੀ ਦੀ ਖੇਲ਼ ਕ੍ਰਾਸਓਵਰ ਵਿੱਚ ਹੋਵੇ।
• ਹਰ ਪੈਨ ਵਿੱਚ ਘੱਟ ਤੋਂ ਘੱਟ ਦੋ ਪਾਣੀ ਦੀਆਂ ਖੇਲ਼ਾਂ ਅਤੇ ਦੋ ਕ੍ਰਾਸਓਵਰ ਹੋਣੇ ਚਾਹੀਦੇ ਹਨ, ਤਾਂ ਜੋ ਕੋਈ ਇੱਕ “ਬੌਸ” ਗਾਂ ਪਾਣੀ ਦੀ ਖੇਲ਼ ਤੇ ਕਾਬੂ ਨਾ ਕਰ ਸਕੇ ਜਾਂ ਕ੍ਰਾਸਓਵਰ ਨੂੰ ਰੋਕ ਨਾ ਸਕੇ।
• 60–80 ਕਿਊਬੀਕਲਸ ਤੋਂ ਵੱਡੇ ਗਰੁੱਪ ਲਈ ਵੱਧ ਕ੍ਰਾਸਓਵਰ ਬਣਾਏ ਜਾਣੇ ਚਾਹੀਦੇ ਹਨ।
• ਕ੍ਰਾਸਓਵਰ ਹਰ 30–40 ਕਿਊਬੀਕਲਸ ਤੇ ਬਣਾਏ ਜਾਣੇ ਚਾਹੀਦੇ ਹਨ।
• ਗਾਂਵਾਂ ਨੂੰ ਕ੍ਰਾਸਓਵਰ ਤੱਕ ਪਹੁੰਚਣ ਲਈ 15-20 ਕਿਊਬੀਕਲਸ ਤੋਂ ਵੱਧ ਨਹੀਂ ਚਲਣਾ ਚਾਹੀਦਾ।
• ਘੱਟ ਤੋਂ ਘੱਟ 12 ਫੁੱਟ ਹੋਣੀ ਚਾਹੀਦੀ ਹੈ, ਜੇਕਰ ਇੱਕ ਗਾਂ ਪਾਣੀ ਪੀ ਰਹੀ ਹੈ ਤਾਂ ਦੂਜੀ ਗਾਂ ਪਿੱਛੋਂ ਲੰਘ ਸਕੇ।
• 16 ਫੁੱਟ ਚੌੜਾਈ ਹੋਣੀ ਚਾਹੀਦੀ ਹੈ, ਜੇ ਇੱਕ ਗਾਂ ਪਾਣੀ ਪੀ ਰਹੀ ਹੈ ਅਤੇ ਪਿੱਛੇ ਦੋ ਗਾਵਾਂ ਦੀ ਆਵਾਜਾਈ ਹੋ ਸਕੇ।
• ਜੇਕਰ ਇੱਕ ਪਾਣੀ ਦੀ ਖੇਲ਼ ਦੋ ਪੈਨਾਂ ਦੇ ਵਿਚਕਾਰ ਸਾਂਝੀ ਹੈ, ਤਾਂ ਕੁੱਲ ਚੌੜਾਈ 20 ਫੁੱਟ ਹੋਣੀ ਚਾਹੀਦੀ ਹੈ।
ਹੇਠਾਂ ਦਿੱਤੇ ਡਿਜ਼ਾਈਨ ਸਾਂਝੇ ਕੀਤੇ ਗਏ ਹਨ:
• 4-ਕਤਾਰ (ਹੈੱਡ-ਟੂ-ਹੈੱਡ)
• 6-ਕਤਾਰ
• 3-ਕਤਾਰ
• ਵਾਈਡ-ਬੋਡੀ (ਹੈੱਡ-ਟੂ-ਹੈੱਡ)
4 ਕਤਾਰਾਂ ਵਾਲੇ ਸ਼ੈੱਡ ਵਿੱਚ ਖ਼ੁਰਾਕ ਵਾਲੀ ਖੁਰਲ਼ੀ ਦੇ ਦੋਨੋਂ ਪਾਸੇ 2-2 ਕਤਾਰਾਂ ਬਣਾਈਆ ਜਾਂਦੀਆਂ ਹਨ ਜਿੰਨਾ ਵਿੱਚ ਗਾਵਾਂ ਇੱਕ ਦੂਜੇ ਵੱਲ ਮੂੰਹ ਕਰਕੇ ਬੈਠ ਦੀਆਂ ਹਨ। ਇਸ ਵਿੱਚ ਗਾਵਾਂ ਨੂੰ ਬਿਹਤਰੀਨ ਆਰਾਮ ਮਿਲਦਾ ਹੈ, ਹਰ ਇੱਕ ਗਾਂ ਨੂੰ ਖੁਰਲ਼ੀ ਤੇ ਪੂਰੀ ਜਗ੍ਹਾ ਮਿਲਦੀ ਹੈ। ਬਾਹਰੀ ਕੰਧ ਨਾਲ ਕੋਈ ਕਿਊਬੀਕਲ ਨਾ ਹੋਣ ਕਰਕੇ ਗਾਵਾਂ ਉੱਤੇ ਮੀਂਹ ਅਤੇ ਧੁੱਪ ਦਾ ਅਸਰ ਨਹੀਂ ਹੁੰਦਾ। ਹਰ ਇੱਕ ਗਾਂ ਨੂੰ 120 ਫੁੱਟ² ਏਰੀਆ ਛਾਂ ਮਿਲ ਜਾਂਦੀ ਹੈ। ਹੇਠਾਂ ਦਿੱਤੇ ਡਿਜ਼ਾਇਨ ਵਿੱਚ 100 ਕਿਊਬੀਕਲਸ ਬਣੇ ਹੋਏ ਹਨ।
6 ਕਤਾਰਾਂ ਵਾਲੇ ਸ਼ੈੱਡ ਵਿੱਚ ਖ਼ੁਰਾਕ ਵਾਲੀ ਖੁਰਲ਼ੀ ਦੇ ਦੋਨੋਂ ਪਾਸੇ 3 ਕਤਾਰਾਂ ਬਣਾਈਆਂ ਜਾਂਦੀਆਂ ਹਨ ਜਿਸ ਵਿੱਚ ਗਾਵਾਂ ਇੱਕ ਦੂਜੇ ਵੱਲ ਮੂੰਹ ਕਰਕੇ ਵੀ ਬੈਠ ਦੀਆਂ ਹਨ ਅਤੇ ਪਿੱਠ ਕਰਕੇ ਵੀ। ਇਸ ਵਿੱਚ ਲਾਗਤ ਘੱਟ ਆਉਂਦੀ ਹੈ, ਪਰ ਹਰ ਇੱਕ ਗਾਂ ਨੂੰ ਖੁਰਲ਼ੀ ਉੱਤੇ ਪੂਰੀ ਜਗ੍ਹਾ ਨਹੀਂ ਮਿਲਦੀ। ਬਾਹਰੀ ਕਤਾਰਾਂ ‘ਤੇ ਮੀਂਹ ਅਤੇ ਧੁੱਪ ਪੈਂਦੀ ਹੈ। ਹਰ ਗਾਂ ਨੂੰ 90 ਫੁੱਟ² ਏਰੀਆ ਛਾਂ ਮਿਲ ਜਾਂਦੀ ਹੈ। ਹੇਠਾਂ ਦਿੱਤੇ ਡਿਜ਼ਾਇਨ ਵਿੱਚ 204 ਕਿਊਬੀਕਲਸ ਬਣੇ ਹੋਏ ਹਨ।
3 ਕਤਾਰਾਂ ਵਾਲੇ ਸ਼ੈੱਡ ਵਿੱਚ ਖ਼ੁਰਾਕ ਵਾਲੀ ਖੁਰਲ਼ੀ ਦੇ ਇੱਕ ਪਾਸੇ 3 ਕਤਾਰਾਂ ਬਣਾਈਆਂ ਜਾਂਦੀਆਂ ਹਨ ਜਿਸ ਵਿੱਚ ਗਾਵਾਂ ਇੱਕ ਦੂਜੇ ਵੱਲ ਮੂੰਹ ਕਰਕੇ ਵੀ ਬੈਠ ਦੀਆਂ ਹਨ ਅਤੇ ਪਿੱਠ ਕਰਕੇ ਵੀ। ਇਸ ਵਿੱਚ ਲਾਗਤ ਘੱਟ ਆਉਂਦੀ ਹੈ, ਪਰ ਹਰ ਇੱਕ ਗਾਂ ਨੂੰ ਖੁਰਲ਼ੀ ਉੱਤੇ ਪੂਰੀ ਜਗ੍ਹਾ ਨਹੀਂ ਮਿਲਦੀ। ਬਾਹਰੀ ਕਤਾਰਾਂ ‘ਤੇ ਮੀਂਹ ਅਤੇ ਧੁੱਪ ਪੈਂਦੀ ਹੈ। ਹਰ ਗਾਂ ਨੂੰ 100 ਫੁੱਟ² ਏਰੀਆ ਛਾਂ ਮਿਲਦੀ ਜਾਂਦੀ ਹੈ। ਇਹ ਇੱਕ ਛੋਟੇ ਫਾਰਮ ਲਈ ਵਧੀਆ ਵਿਕਲਪ ਹੈ। ਹੇਠਾਂ ਦਿੱਤੇ ਡਿਜ਼ਾਇਨ ਵਿੱਚ 62 ਕਿਊਬੀਕਲਸ ਬਣੇ ਹੋਏ ਹਨ।
ਅਮਰੀਕਾ ਦੇ ਮਿਡਵੈਸਟ ਖੇਤਰ ਵਿੱਚ ਇੱਕ ਨਵੇਂ ਕਿਸਮ ਦਾ ਸ਼ੈੱਡ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸਨੂੰ ਕਿਹਾ ਜਾਂਦਾ ਹੈ ਲੋ-ਪ੍ਰੋਫਾਈਲ ਕਰਾਸ-ਵੈਂਟੀਲੇਟਡ (LPCV) ਜਾਂ ਬੋਡੀ ਸ਼ੈੱਡ। ਇਸ ਡਿਜ਼ਾਇਨ ਦੀ ਬਣਤਰ ਇਹ ਧਾਰਨਾ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ ਕਿ ਇੱਕ 8-ਕਤਾਰਾਂ ਵਾਲਾ ਚੌੜਾ ਸ਼ੈੱਡ ਦੋ 4-ਕਤਾਰਾਂ ਵਾਲੇ ਕੁਦਰਤੀ ਵੈਂਟੀਲੇਸ਼ਨ ਵਾਲੇ ਸ਼ੈੱਡ ਦੇ ਮੁਕਾਬਲੇ ਘੱਟ ਜਗ੍ਹਾ ਘੇਰਦਾ ਹੈ ਅਤੇ ਬਿਹਤਰ ਹਵਾ ਪਰਚਾਰ ਦਿੰਦਾ ਹੈ। ਇਸ ਵਿੱਚ ਹਵਾ ਸ਼ੈੱਡ ਦੀ ਚੌੜਾਈ ਵਿੱਚ ਚਲਾਈ ਜਾਂਦੀ ਹੈ, ਜਿਸ ਨਾਲ ਤਾਪਮਾਨ ਨਿਯੰਤਰਿਤ ਰਹਿੰਦਾ ਹੈ, ਗੰਧ ਅਤੇ ਨਮੀ ਵੀ ਘੱਟ ਰਹਿੰਦੀ ਹੈ। ਇਸ ਤਰਾਂ ਦੇ ਸ਼ੈੱਡ ਵਿੱਚ ਆਮ ਤੌਰ ’ਤੇ ਕੁਦਰਤੀ ਰੌਸ਼ਨੀ ਘੱਟ ਹੁੰਦੀ ਹੈ ਅਤੇ LED ਲਾਈਟਿੰਗ ਵਰਤੀ ਜਾਂਦੀ ਹੈ, ਜੋ ਗਾਵਾਂ ਦੀ ਉਤਪਾਦਕਤਾ ਨੂੰ ਵਧਾਉਂਦੀ ਹੈ। ਵੱਡੇ ਪੱਖੇ, ਕਰਾਸ ਵੈਂਟੀਲੇਸ਼ਨ, ਅਤੇ ਆਟੋਮੈਟਿਕ ਵਾਸ਼ਿੰਗ ਸਿਸਟਮ ਇਸ ਡਿਜ਼ਾਇਨ ਦਾ ਹਿੱਸਾ ਹੁੰਦੇ ਹਨ, ਜੋ ਸਾਫ਼ ਅਤੇ ਸਿਹਤਮੰਦ ਮਾਹੌਲ ਬਣਾਉਂਦੇ ਹਨ। ਵਾਈਡ ਬੋਡੀ ਸ਼ੈੱਡ ਵਿੱਚ ਗਾਵਾਂ ਨੂੰ ਘੱਟ ਤਣਾਅ ਹੁੰਦਾ ਹੈ, ਜਿਸ ਨਾਲ ਦੁੱਧ ਦਾ ਉਤਪਾਦਨ ਵੱਧਦਾ ਹੈ। ਸ਼ੁਰੂਆਤੀ ਲਾਗਤ ਵੱਧ ਹੋ ਸਕਦੀ ਹੈ, ਪਰ ਇਹ ਡਿਜ਼ਾਇਨ ਲੰਬੇ ਸਮੇਂ ਵਿੱਚ ਉੱਚ ਉਤਪਾਦਕਤਾ ਅਤੇ ਘੱਟ ਰੱਖ-ਰਖਾਵ ਕਾਰਨ ਲਾਭਦਾਇਕ ਸਾਬਤ ਹੁੰਦਾ ਹੈ। ਹੇਠਾਂ ਦਿੱਤੇ ਡਿਜ਼ਾਇਨ ਵਿੱਚ 400 ਕਿਊਬੀਕਲਸ ਬਣਾਏ ਗਏ ਹਨ।